ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੀ ਗਾਇਕਾ ਰਜਨੀ ਜੈਨ ਆਰੀਆ

ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹੇਠਲੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਪਰ ਕੁਝ ਔਰਤਾਂ ਨੇ ਆਪਣੇ ਦ੍ਰਿੜ੍ਹ ਵਿਸ਼ਵਾਸ ਅਤੇ ਮਿਹਨਤ ਸਦਕਾ ਇਸ ਕਥਨ ਨੂੰ ਬਦਲ ਕੇ ਰੱਖ ਦਿੱਤਾ ਹੈ ਇਸੇ ਤਰ੍ਹਾਂ ਹੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਨਾਮ ਹੈ ਰਜਨੀ ਜੈਨ ਆਰੀਆ। ਜਿਸ ਦਾ ਜਨਮ ਪੰਜਾਬ ਦੇ ਮਹਾਂਨਗਰ ਲੁਧਿਆਣਾ ਵਿੱਚ ਪਿਤਾ ਸ੍ਰੀ ਹਰਿ ਕ੍ਰਿਸ਼ਨ ਦੇ ਘਰ ਤੇ ਮਾਤਾ ਸ੍ਰੀਮਤੀ ਤ੍ਰਿਪਤਾ ਜੈਨ ਦੀ ਕੁੱਖੋਂ ਹੋਇਆ। ਖੁੱਲ੍ਹੇ ਡੁੱਲ੍ਹੇ ਅਤੇ ਮਿਲਾਪੜੇ ਸੁਭਾਅ ਦੀ ਰਜਨੀ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ ਨਾਲ ਗਾਉਣ ਦਾ ਸ਼ੌਕ ਸੀ। ਮਾਪਿਆਂ ਦੀ ਇਸ ਲਾਡਲੀ ਧੀ ਨੂੰ ਗਾਇਕੀ ਦੇ ਖੇਤਰ ਵਿੱਚ ਭੈਣ ਭਰਾ ਅਤੇ ਮਾਤਾ ਪਿਤਾ ਦਾ ਪੂਰਾ ਸਹਿਯੋਗ ਮਿਲਿਆ। ਰਜਨੀ ਜੈਨ ਆਪਣੇ ਪ੍ਰਸਿੱਧ ਗਾਣੇ ਮਹਿੰਦੀਆਂ, ਕੈਲੀਬਰ, ਫੁਲਕਾਰੀ ਅਤੇ ਫੁਲਕਾਰੀ-੨, ਗਾਣਿਆਂ ਨਾਲ ਚਰਚਾ ਵਿੱਚ ਆਈ। ਪੀ ਟੀ ਸੀ ਚੈਨਲ ਤੋਂ ਬੈਸਟ ਫੀਮੇਲ ਡੇਸਿਊ ਵੀ ਉਸ ਦੀ ਝੋਲੀ ਪੈ ਚੁੱਕਾ ਹੈ। ਉਸ ਦੀਆਂ ਮਾਤਾ ਦੀਆਂ ਭੇਟਾਂ ਅਤੇ ਭਜਨ ਟੀ ਸੀਰੀਜ਼ ਕੰਪਨੀ ਦੇ ਹਿੱਟ ਭਜਨਾਂ ਵਿੱਚ ਸ਼ਾਮਲ ਹਨ।ਰਜਨੀ ਜੈਨ ਨੇ ਫ਼ਿਲਮਾਂ ਵਿੱਚ ਵੀ ਝੰਡੀ ਗੱਡੀ ਹੋਈ ਹੈ। ਕੱਚੇ ਧਾਗੇ ਪੰਜਾਬੀ ਫ਼ਿਲਮ ਵਿੱਚ ਉਹ ਯੋਗਰਾਜ ਨਾਲ ਆ ਚੁੱਕੀ ਹੈ। ਹੋਵੇ ਤਾਂ ਹੋਵੇ ਸੱਸ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ, ਜੁਗਾੜੀ ਡਾਟ ਕਾਮ ਫ਼ਿਲਮ ਨਾਲ ਫ਼ਿਲਮਾਂ ਚ ਪਲੇਬੈਕ ਗਾਇਕੀ ਦੀ ਸ਼ੁਰੂਆਤ ਵੀ ਕਰ ਚੁੱਕੀ ਹੈ। ਰਜਨੀ ਜੈਨ ਨੂੰ ਕੁਕਿੰਗ ਫੋਟੋਗ੍ਰਾਫੀ ਅਤੇ ਡਰੈੱਸ ਡਿਜ਼ਾਈਨਿੰਗ ਨਾਲ ਬੇਹੱਦ ਲਗਾਓ ਹੈ। ਉਸ ਦੀਆਂ ਖੁਦ ਦੀਆਂ ਡਿਜ਼ਾਈਨ ਕੀਤੀਆਂ ਡਰੈਸਾਂ ਨੂੰ ਬਹੁਤ ਸਾਰੀਆਂ ਮਸ਼ਹੂਰ ਫੀਮੇਲ ਗਾਇਕਾਵਾਂ ਕਾਪੀ ਕਰਦੀਆਂ ਆ ਰਹੀਆਂ ਹਨ। ਰਜਨੀ ਜੈਨ ਦਾ ਰੈਪ ਬੋਲਣ ਦਾ ਢੰਗ ਵੀ ਨਿਰਾਲਾ ਹੀ ਹੈ। ਰਜਨੀ ਨੇ ਕਈ ਗਾਇਕਾਂ ਨਾਲ ਦੋਗਾਣੇ ਵੀ ਰਿਕਾਰਡ ਕੀਤੇ ਹਨ ਅਤੇ ਅੱਗੇ ਵੀ ਸਫਰ ਜਾਰੀ ਹੈ। ਹੁਣ ਉਹ ਪੰਜਾਬ ਦੇ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਨਾਲ ਆਪਣੀ ਗਾਇਕੀ ਦੇ ਜੌਹਰ ਦਿਖਾ ਰਹੀ ਹੈ। ਦੁਬਈ ਹਾਂਗਕਾਂਗ ਤੇ ਕਈ ਹੋਰ ਮੁਲਕਾਂ ਵਿੱਚ ਉਹ ਈਵੈਂਟ ਕਰ ਚੁੱਕੀ ਹੈ। ਸਖ਼ਤ ਘਾਲਣਾ ਘਾਲ ਕੇ ਮੁਕਾਮ ਹਾਸਲ ਕਰਕੇ ਡੀਸੀ ਸਾਹਿਬ ਲੁਧਿਆਣਾ ਤੋਂ ਇਸਪਾਇਰਿੰਗ ਡਾਟਰ ਆਫ ਲੁਧਿਆਣਾ ਸਨਮਾਨਿਤ ਹੋਣਾ ਰਜਨੀ ਜੈਨ ਆਰੀਆ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਂਦਾ ਹੈ। ਪੰਜਾਬ ਕੋਕਿਲਾ, ਸੰਗੀਤ ਰਤਨਾਂ, ਸਵਰ ਸਾਧਨਾ ਅਤੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਪਾਸੋਂ ਦਿੱਲੀ ਵਿਖੇ ਮਿਲੇ ਸਨਮਾਨ ਨੇ ਰਜਨੀ ਜੈਨ ਆਰੀਆ ਦਾ ਕੱਦ ਹੋਰ ਵੱਡਾ ਕੀਤਾ ਹੈ। ਮਾਲਵਾ ਖ਼ਬਰਨਾਮਾ ਦੀ ਟੀਮ ਨਾਲ ਗੱਲਬਾਤ ਕਰਦਿਆਂ ਰਜਨੀ ਜੈਨ ਆਰੀਆ ਨੇ ਦੱਸਿਆ ਕਿ ਉਹ ਕਈ ਪ੍ਰੋਡਕਟਾਂ ਦੀ ਬਰਾਂਡ ਅੰਬੈਸਡਰ ਵੀ ਹੈ ਅਤੇ ਸੰਗੀਤਕਾਰ ਲਾਲ ਕਮਲ ਨੂੰ ਸੰਗੀਤਕ ਗੁਰੂ ਮੰਨਦੀ ਹੈ। ਬਹੁਤ ਜਲਦੀ ਹੀ ਉਹ ਮੁੰਬਈ ਫ਼ਿਲਮ ਨਗਰੀ ਵਿੱਚ ਅਦਾਕਾਰੀ ਅਤੇ ਗਾਇਕੀ ਦਾ ਪਰਚੰਮ ਲਹਿਰਾਉਣ ਜਾ ਰਹੀ ਹੈ। ਸ਼ਾਇਦ ਪੰਜਾਬ ਦੀ ਇਹ ਇਕੱਲੀ ਤੇ ਪਹਿਲੀ ਫੀਮੇਲ ਗਾਇਕਾ ਹੈ ਜਿਸ ਦਾ ਖੁਦ ਦਾ ਰਿਕਾਰਡਿੰਗ ਸਟੂਡੀਓ ਵੀ ਹੈ। ਪ੍ਰਮਾਤਮਾ ਇਸ ਪੰਜਾਬੀ ਗਾਇਕਾਂ ਤੇ ਸਦਾ ਮੇਹਰ ਭਰਿਆ ਹੱਥ ਰੱਖੇ।ਗੁਰਜਂੰਟ ਸਿੰਘ ਨਥੇਹਾ, ਸੀਨੀਅਰ ਰਿਪੋਰਟਰਪੰਜਾਬ ਇਨਫੋਲਾਈਨ, ਤਲਵੰਡੀ ਸਾਬੋ8968727272

Posted By: GURJANT SINGH