ਸਾਬਕਾ ਐਮ.ਐਲ.ਏ. ਸੁਰਿੰਦਰ ਧੂਰੀ ਦੇ ਪੁੱਤਰਾਂ ਖਿਲਾਫ ਚੋਰੀ ਦੀ ਕਾਰ,ਨਜ਼ਾਇਜ ਅਸਲਾ ਅਤੇ ਲਾਹਣ ਰੱਖਣ ਦੇ ਦੋਸ਼ਾਂ ਹੇਠ ਮੁਕੱਦਮੇ ਦਰਜ
- ਪੰਜਾਬ
- 31 May,2020
ਧੂਰੀ,30 ਮਈ (ਮਹੇਸ਼ ਜਿੰਦਲ) ਧੂਰੀ ਦੇ ਰਹਿਣ ਵਾਲੇ ਸਵਰਗਵਾਸੀ ਸਾਬਕਾ ਐਮ.ਐਲ.ਏ. ਸੁਰਿੰਦਰ ਧੂਰੀ ਦੇ ਸਪੁੱਤਰ ਹਰਕੰਵਲਪ੍ਰੀਤ ਸਿੰਘ ਅਤੇ ਰਮਨਜੀਤ ਸਿੰਘ ਦੇ ਖਿਲਾਫ ਨਜ਼ਾਇਜ ਅਸਲਾ ਰੱਖਣ, ਚੋਰੀ ਦੀ ਇਨੋਵਾ ਕਾਰ ਰੱਖਣ ਅਤੇ ਨਜ਼ਾਇਜ ਲਾਹਣ ਰੱਖਣ ਦੇ ਦੋਸ਼ਾਂ ਹੇਠ ਥਾਣਾ ਸਦਰ ਧੂਰੀ ਅਤੇ ਥਾਣਾ ਸਿਟੀ ਧੂਰੀ ਵਿਖੇ ਵੱਖ-ਵੱਖ ਮੁਕੱਦਮੇ ਦਰਜ ਹੋਏ ਹਨ। ਡੀ.ਐਸ.ਪੀ. ਦਫਤਰ ਧੂਰੀ ਵਿਖੇ ਰੱਖੀ ਗਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਧੂਰੀ ਰਛਪਾਲ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਰਣੀਕੇ ਦੇ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਨੇ ਸਾਬਕਾ ਐਮ.ਐਲ.ਏ. ਸਵਰਗਵਾਸੀ ਸੁਰਿੰਦਰ ਸਿੰਘ ਧੂਰੀ ਦੇ ਕਿਲਾ ਹਕੀਮਾਂ ਵਾਲੇ ਫਾਰਮ ਹਾਊਸ ਤੋਂ ਇੱਕ ਚੋਰੀ ਦੀ ਇਨੋਵਾ ਕਾਰ ਪੀ.ਬੀ.13-ਏ.ਬੀ./2625 ਵਿੱਚੋਂ 190 ਲੀਟਰ ਲਾਹਣ ਬਰਾਮਦ ਕਰਕੇ ਹਰਕੰਵਲਪ੍ਰੀਤ ਸਿੰਘ, ਰਮਨਜੀਤ ਸਿੰਘ ਪੁੱਤਰਾਨ ਸੁਰਿੰਦਰ ਸਿੰਘ ਧੂਰੀ ਅਤੇ ਬਹਾਦਰ ਸਿੰਘ ਬਰੜਵਾਲ ਦੇ ਖਿਲਾਫ ਥਾਣਾ ਸਦਰ ਧੂਰੀ ਵਿਖੇ ਮੁਕੱਦਮਾ ਦਰਜ ਕੀਤਾ ਹੈ ਅਤੇ ਇਸੇ ਕੜੀ ਤਹਿਤ ਥਾਣਾ ਸਿਟੀ ਧੂਰੀ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਰਮਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਸਾਬਕਾ ਐਮ.ਐਲ.ਏ ਨੂੰ ਇੱਕ ਕਾਰ ਸਮੇਤ ਕਾਬੂ ਕਰਕੇ ਉਸ ਪਾਸੋਂ ਇੱਕ ਕਾਰਵਾਈਨ, 15 ਕਾਰਤੂਸ, 12 ਬੋਰ ਡਬਲ ਬੈਰਲ ਬੰਦੂਕ ਬਰਾਮਦ ਕੀਤੀ ਹੈ। ਉਨਾਂ ਅੱਗੇ ਦੱਸਿਆ ਕਿ ਇਹ ਅਸਲਾ ਸਾਬਕਾ ਐਮ.ਐਲ.ਏ. ਸੁਰਿੰਦਰ ਧੂਰੀ ਦੇ ਨਾਮ ਪਰ ਸੀ ਅਤੇ ਕਾਨੂੰਨਣ ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਅਸਲਾ ਅਸਲਾ-ਖਾਨਾ ਵਿਖੇ ਜਮਾਂ ਕਰਵਾਉਣਾ ਬਣਦਾ ਸੀ। ਇਸੇ ਤਰਾਂ੍ਹ ਚੋਰੀ ਦੀ ਇਨੋਵਾ ਕਾਰ ਬਾਰੇ ਉਨ੍ਹਾਂ ਦੱਸਿਆ ਕਿ ਪੀ.ਬੀ.13-ਏ.ਬੀ/2625 ਨੰਬਰੀ ਇਨੋਵਾ ਕਾਰ ਵੀ ਮਰਹੂਮ ਸਾਬਕਾ ਐਮ.ਐਲ.ਏ. ਸੁਰਿੰਦਰ ਸਿੰਘ ਦੇ ਨਾਮ ‘ਤੇ ਸੀ ਜੋ ਉਸ ਨੇ 2016 ਵਿੱਚ ਅੱਗੇ ਵੇਚ ਦਿੱਤੀ ਸੀ ਅਤੇ ਉਸ ਦੇ ਸਪੁੱਤਰ ਰਮਨਜੀਤ ਸਿੰਘ ਨੇ ਕਰੀਬ 3-4 ਸਾਲ ਪਹਿਲਾਂ ਉਸੇ ਰੰਗ ਦੀ ਇਨੋਵਾ ਕਾਰ ਜਿਸ ਦਾ ਅਸਲ ਨੰਬਰ ਯੂ.ਪੀ. ਦਾ ਹੈ, ਚੋਰੀ ਕਰਕੇ ਉਸ ਪਰ ਪੀ.ਬੀ.13-ਏ.ਬੀ./2625 ਨੰਬਰ ਲਗਾ ਕੇ ਡੂਪਲੀਕੇਟ ਆਰ.ਸੀ. ‘ਤੇ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਮਨਜੀਤ ਸਿੰਘ ਦਾ ਪਿਛਲਾ ਰਿਕਾਰਡ ਅਪਰਾਧਿਕ ਹੈ ਅਤੇ ਬਰਨਾਲਾ ਦੀ ਅਦਾਲਤ ਨੇ ਇਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰਾਂ੍ਹ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਿਲ ਇਨ੍ਹਾਂ ਦੋਸ਼ੀਆਂ ਵਿੱਚੋਂ ਹਰਕੰਵਲਪ੍ਰੀਤ ਸਿੰਘ ਅਤੇ ਰਮਨਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਇੱਕ ਦੋਸ਼ੀ ਬਹਾਦਰ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਰਮਨਜੀਤ ਸਿੰਘ ਦੇ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋ ਵੱਖ-ਵੱਖ ਮਾਮਲੇ ਸਬੰਧਤ ਦੋਸ਼ੀਆਂ ਖਿਲਾਫ ਥਾਣਾ ਸਦਰ ਧੂਰੀ ਵਿਖੇ ਦਰਜ ਕਰਕੇ ਗ੍ਰਿਫਤਾਰ ਵਿਅਕਤੀਆਂ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਸਿਟੀ ਧੂਰੀ ਦੇ ਮੁਖੀ ਦਰਸ਼ਨ ਸਿੰਘ ਅਤੇ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ।