ਤਲਵੰਡੀ ਸਾਬੋ ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਅੱਜ ਇਲਾਕੇ ਦੀਆਂ ਦਾਣਾ ਮੰਡੀਆਂ ਵਿਚ ਖ੍ਰੀਦ ਪ੍ਰਬੰਧਾਂ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਤਲਵੰਡੀ ਸਾਬੋ ਦੇ ਨਾਲ ਲਗਦੇ ਪਿੰਡ ਸੀਂਗੋ, ਨਥੇਹਾ ਤੇ ਕੌਰੇਆਣਾ, ਕਲਾਲਵਾਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਜਿੱਥੇ ਉਨ੍ਹਾਂ ਕਿਸਾਨਾਂ ਤੋਂ ਕਣਕ ਦੀ ਖ੍ਰੀਦ ਸਬੰਧੀਆਂ ਆ ਰਹੀਆਂ ਦਿੱਕਤਾਂ ਬਾਰੇ ਜਾਣ ਕੇ ਮੌਕੇ 'ਤੇ ਹੱਲ ਕਰਵਾਈਆਂ। ਪਿੰਡ ਨਥੇਹਾ 'ਚ ਬਿਜਲੀ ਸਪਲਾਈ ਲਈ ਖੰਭੇ ਲਵਾਉਣ ਦੀ ਕਿਸਾਨਾਂ ਨੇ ਮੰਗ ਕੀਤੀ ਜਿਸਦਾ ਹੱਲ ਕਰਵਾਉਣ ਦੇ ਪ੍ਰੋ. ਬਲਜਿੰਦਰ ਕੌਰ ਨੇ ਤੁਰੰਤ ਆਦੇਸ਼ ਦਿੱਤੇ। ਪਿੰਡ ਕਲਾਲਵਾਲਾ 'ਚ ਕਿਸਾਨਾਂ ਨੇ ਪਾਣੀ ਦੀ ਟੈਂਕੀ ਵੱਡੀ ਕਰਨ ਦੀ ਮੰਗ ਕੀਤੀ ਜਿਸ ਨੂੰ ਜਲਦੀ ਵੱਡੀ ਕਰਨ ਦਾ ਭਰੋਸਾ ਵਿਧਾਇਕਾਂ ਨੇ ਦਿੱਤਾ। ਪਿੰਡ ਨਥੇਹਾ 'ਚ ਕਿਸਾਨਾਂ ਨੇ ਦਾਣਾ ਮੰਡੀ ਠੀਕ ਕਰਨ ਦੀ ਮੰਗ ਵੀ ਵਿਧਾਇਕਾ ਨੇ ਸਵੀਕਾਰੀ। ਉਧਰ ਸਾਰੀਆਂ ਦਾਣਾ ਮੰਡੀਆਂ 'ਚ ਦਿੱਲੀ ਲਿਫਟਿੰਗ ਦੀ ਆ ਰਹੀ ਸਮੱਸਿਆ ਵੀ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਬਲਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਨਾਲ ਬਿਜਲੀ ਦੀ 300 ਯੂਨਿਟ ਮਾਫ਼ ਕਰਕੇ ਆਪਣਾ ਪਹਿਲਾ ਵਾਅਦਾ ਪੂਰਾ ਕੀਤਾ ਹੈ ਉਸੇ ਤਰ੍ਹਾਂ ਹੀ ਮਾਨ ਸਰਕਾਰ ਆਪਣੇ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ। ਉਧਰ ਕਣਕ ਦੀ ਖ੍ਰੀਦ ਸਬੰਧੀ ਕਿਹਾ ਕਿ ਪਿੰਡਾਂ ਦੀਆਂ ਅਨਾਜ ਮੰਡੀਆਂ 'ਚ ਕਣਕ ਵੇਚਣ ਲਈ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ, ਅਗਰ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਆ ਰਹੀ ਹੋਵੇ ਤਾਂ ਉਹ ਤਰੁੰਤ ਹੀ ਉਨ੍ਹਾਂ ਦੇ ਧਿਆਨ 'ਚ ਲਿਆਉ ਜਿਸਨੂੰ ਤੁਰੰਤ ਹੱਲ ਕੀਤਾ ਜਾਵੇਗਾ। ਇਸ ਮੌਕੇ ਨਿੱਜੀ ਸਹਾਇਕ ਕੇਵਲ ਸਿੰਘ, ਆਪ ਆਗੂ ਗੁਰਦੀਪ ਸਿੰਘ ਤੂਰ, ਸਰਕਲ ਪ੍ਰਧਾਨ ਬਿੱਕਰ ਸਿੰਘ ਖਾਲਸਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਸੀਂਗੋ, ਪੀ.ਏ. ਪ੍ਰਗਟ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ ਸੀਂਗੋ, ਕੁਲਵਿੰਦਰ ਫ਼ੌਜੀ, ਜਸਵੀਰ ਚਾਹਲ ਨਥੇਹਾ, ਮਾਰਕੀਟ ਕਮੇਟੀ ਸਕੱਤਰ ਸੁਖਜੀਵਨ ਸਿੰਘ, ਮੰਡੀ ਅਫ਼ਸਰ ਬਾਜ ਸਿੰਘ ਸਮੇਤ ਕਿਸਾਨ ਤੇ ਆਪ ਆਗੂ ਮੌਜੂਦ ਸਨ।