ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਸੀ.ਏ ਭਾਗ ਤੀਸਰਾ ਦੇ ਨਤੀਜਿਆਂ ਵਿੱਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ। ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਹੋਰ ਮਿਹਨਤ ਕਰਨ ਤਾਂ ਜੋ ਕਿ ਆਪਣੇ ਵੱਡੇ ਨਿਸ਼ਾਨਿਆਂ ਨੂੰ ਪੂਰਾ ਕਰ ਸਕਣ। ਬੀ.ਸੀ.ਏ ਭਾਗ ਤੀਸਰਾ ਦੀ ਵਿਦਿਆਰਥਣ ਰਜਨੀ ਗਰਗ ਨੇ ੮੯.੫ ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ, ਅਮਰਦੀਪ ਕੌਰ ਨੇ ੮੯.੨ ਪ੍ਰਤੀਸ਼ਤ ਨੰਬਰ ਲੈ ਕੇ ਦੂਸਰਾ ਅਤੇ ਰਮਨਦੀਪ ਕੌਰ ਨੇ ੮੮.੮ ਪ੍ਰਤੀਸ਼ਤ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਰਜਿਸਟਰਾਰ ਪ੍ਰੋ. ਸ਼ਾਲਿਨੀ ਸਹਿਗਲ ਨੇ ਵਿਭਾਗ ਮੁਖੀ ਡਾ. ਇੰਦਰਪ੍ਰੀਤ ਕੌਰ ਸਟਾਫ਼ ਮੈਂਬਰਜ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਹੋਰ ਮਿਹਨਤ ਕਰਨ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੁਸ਼ਨਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ਼ ਮੈਂਬਰਜ਼ ਨੂੰ ਦਿੱਤਾ।