ਕਰੋਨਾ ਵਾਇਰਸ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵਧਾਈਆਂਕਿਸਾਨੀ ਨਾਲ਼ ਜੁੜੇ ਸਹਾਇਕ ਕਿੱਤੇ ਮੂਧੇ ਮੂੰਹ ਡਿੱਗੇ

ਰਾਮਾਂ ਮੰਡੀ,14 ਅਪਰੈਲ(ਬੁੱਟਰ) ਕਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ 'ਚ ਲੱਗੇ ਕਰਫਿਊ ਨਾਲ਼ ਜਿੱਥੇ ਸ਼ਹਿਰੀ ਕਾਰੋਬਾਰ ਅਤੇ ਵਪਾਰ ਦੀ ਗੱਡੀ ਲੀਹ ਤੋਂ ਲੱਥ ਗਈ ਜਾਪਦੀ ਹੈ ,ਉੱਥੇ ਖੇਤੀ ਨਾਲ਼ ਜੁੜੇ ਸਹਾਇਕ ਕਿੱਤੇ ਵੀ ਬੁਰੀ ਤਰਾਂ ਪ੍ਰਭਾਵਤ ਹੋਏ ਹਨ।ਮੀਟ ਖਾਣ ਨਾਲ਼ ਕਰੋਨਾ ਵਾਇਰਸ ਫੈਲਣ ਦੀ ਅਫ਼ਵਾਹ ਕਾਰਨ ਪੋਲਟਰੀ,ਬੱਕਰੀ ਪਾਲਣ,ਬੱਕਰਾ ਪਾਲਣ ,ਸੂਰ ਪਾਲਣ,ਮੱਛੀ ਪਾਲਣ ਅਤੇ ਜਪਾਨੀ ਬਟੇਰ ਪਾਲਣ ਦਾ ਕਿੱਤਾ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ।ਕਰਫਿਊ ਤੋਂ ਪਹਿਲਾਂ ਦੁੱਧ ਦਾ ਭਾਅ ਚੰਗ ਹੋਣ ਕਾਰਨ ਡੇਅਰੀ ਨਾਲ਼ ਜੁੜੇ ਕਿਸਾਨ ਬਹੁਤ ਖ਼ੁਸ਼ ਅਤੇ ਸੰਤੁਸ਼ਟ ਸਨ ਪਰ ਕਰਫਿਊ ਲੱਗਣ ਬਾਅਦ ਕੋਈ ਦੁੱਧ ਖ਼ਰੀਦਣ ਨੂੰ ਤਿਆਰ ਨਹੀਂ।ਪਸ਼ੂ ਮੰਡੀਆਂ ਬੰਦ ਹੋਣ ਕਾਰਨ ਪਸ਼ੂਆਂ ਦੀ ਖ਼ਰੀਦੋ-ਫਰੋਖਤ ਬੰਦ ਹੋ ਗਈ ਹੈ।ਫ਼ਲ ਅਤੇ ਸਬਜ਼ੀਆਂ ਦੇ ਕਾਸਤਕਾਰਾਂ ਨੂੰ ਵੀ ਕਰੋਨਾ ਨੇ ਕਾਫੀ ਮਾਰ ਲਾਈ ਹੈ।ਇਸ ਪ੍ਰਕਾਰ ਸ਼ਹਿਦ ਨਾਲ਼ ਜੁੜਿਆ ਪੇਂਡੂ ਕਾਰੋਬਾਰ ਵੀ ਇਸ ਵਕਤ ਬਿਪਤਾ ਦੀ ਘੜੀ ਵਿੱਚ ਹੈ।ਕਿਸਾਨਾਂ ਨਾਲ਼ ਜੁੜੇ ਫੂਡ ਪ੍ਰੋਸੈਸਿੰਗ ਦੇ ਉਦਯੋਗ ਵੀ ਮੰਦੀ ਦੇ ਸ਼ਿਕਾਰ ਹਨ।ਫੁੱਲਾਂ ਦੀ ਬਜ਼ਾਰ 'ਚ ਮੰਗ ਨਾ ਹੋਣ ਕਾਰਨ ਫੁੱਲ ਕਾਸ਼ਤਕਾਰ ਵੀ ਮੁਰਝਾ ਗਏ ਹਨ।ਕਰੋਨਾ ਵਾਇਰਸ ਕਾਰਨ ਹਾੜ੍ਹੀ ਦੀ ਫ਼ਸਲ ਦੀ ਕਟਾਈ,ਸਾਂਭ-ਸੰਭਾਲ ਅਤੇ ਵੇਚ-ਵੱਟ ਦੀ ਚਿੰਤਾ ਵੀ ਕਿਸਾਨਾਂ ਨੂੰ ਸਤਾ ਰਹੀ ਹੈ।