ਨਿਵੇਕਲੀ ਪਹਿਲ ਕਰਦਿਆਂ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨਾਂ ਨੇ ਨਸ਼ੇ ਨਾ ਵੰਡਣ ਦੀ ਖਾਧੀ ਸਹੁੰ।

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨੌਜਵਾਨ ਪੀੜੀ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਭਾਵ ਨੂੰ ਮਹਿਸੂਸ ਕਰਦਿਆਂ ਹਲਕੇ ਦੇ ਸਭ ਤੋਂ ਵੱਡੇ ਪਿੰਡਾਂ ਵਿੱਚ ਮੰਨੇ ਜਾਂਦੇ ਜਗਾ ਰਾਮ ਤੀਰਥ ਦੇ ਇੱਕ ਹਿੱਸੇ ਜਗਾ ਰਾਮ ਤੀਰਥ ਕਲਾਂ ਵਿੱਚ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਪੰਚਾਇਤੀ ਚੋਣਾਂ ਵਿੱਚ ਕਿਸੇ ਕਿਸਮ ਦਾ ਵੀ ਨਸ਼ਾ ਨਾ ਵੰਡਣ ਦੀ ਸਹੁੰ ਚੁੱਕੀ ਹੈ ਜਿਸਦੀ ਚੁਫੇਰਿਉਂ ਸ਼ਲਾਘਾ ਹੋ ਰਹੀ ਹੈ। ਅੱਜ ਉਕਤ ਪੱਤਰਕਾਰ ਨੂੰ ਮੁਹੱਈਆ ਕਰਵਾਈ ਜਾਣਕਾਰੀ ਵਿੱਚ ਪਿੰਡ ਜਗਾ ਰਾਮ ਤੀਰਥ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੱਸਾ ਸਿੰਘ ਨੇ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੀਆਂ ਸੰਗਤਾਂ ਦਾ ਇਕੱਠ ਹੋਇਆ ਜਿਸ ਵਿੱਚ ਜਗਾ ਰਾਮ ਤੀਰਥ ਕਲਾਂ ਤੋਂ ਸਰਪੰਚ ਦੀ ਚੋਣ ਲੜਨ ਦੇ ਚਾਹਵਾਨ ਚਾਰੇ ਉਮੀਦਵਾਰ ਜਸਵਿੰਦਰ ਸਿੰਘ ਜੈਲਦਾਰ, ਬੂਟਾ ਸਿੰਘ, ਲਾਭਾ ਸਿੰਘ ਬਹਿਣੀਵਾਲ ਅਤੇ ਰੇਸ਼ਮ ਸਿੰਘ ਗੁਰੂਘਰ ਪੁੱਜੇ ਤੇ ਉਨਾਂ ਨੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੰਚਾਇਤੀ ਚੋਣਾਂ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਾ ਵੰਡਣ ਦਾ ਪ੍ਰਣ ਲਿਆ। ਸੰਗਤਾਂ ਨੇ ਇਸ ਮੌਕੇ ਮਤਾ ਪਾਇਆ ਕਿ ਜੇ ਕੋਈ ਉਮੀਦਵਾਰ ਇਸ ਸਹੁੰ ਨੂੰ ਤੋੜ ਕੇ ਚੋਣਾਂ ਵਿੱਚ ਨਸ਼ਾ ਵੰਡਣ ਦੀ ਕੋਸ਼ਿਸ ਕਰੇਗਾ ਉਸਦਾ ਪਿੰਡ ਵੱਲੋਂ ਚੋਣਾਂ ਵਿੱਚ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਭ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਮਾਸਟਰ, ਦਰਸ਼ਨ ਮਾਨੇ ਕਾ, ਬਲਕਰਨ ਸਿੰਘ ਗੋਰਾ, ਕਰਨ ਸਿੰਘ, ਆਤਮਾ ਬਹਿਣੀਵਾਲ, ਗੁਰਲਾਲ ਬਹਿਣੀਵਾਲ, ਤਾਰੀ ਸਿੰਘ ਸੁਸਾਇਟੀ ਮੈਂਬਰ, ਬਲਜੀਤ ਸਿੰਘ ਸੁਸਾਇਟੀ ਮੈਂਬਰ, ਪਾਲ ਪੰਡਿਤ, ਭੋਲਾ ਸਿੰਘ, ਯਾਦਵਿੰਦਰ ਯਾਦੂ, ਡਾ. ਰੇਸ਼ਮ ਸਿੰਘ ਤੇ ਤਰਲੋਚਨ ਸਿੰਘ ਹਾਜਰ ਸਨ। ਉੱਧਰ ਜਿੱਥੇ ਪਿੰਡ ਦੇ ਵਸਨੀਕ ਅਤੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਨੇ ਇਸ ਪ੍ਰੰਸ਼ਸਾਯੋਗ ਕਦਮ ਉਠਾਉਣ ਲਈ ਸਮੁੱਚੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ ਉੱਥੇ ਉਮੀਦਵਾਰਾਂ ਵੱਲੋਂ ਲਏ ਗਏ ਇਸ ਪ੍ਰਣ ਦੀ ਸਮੁੱਚੇ ਇਲਾਕੇ ਵਿੱਚ ਵੀ ਸ਼ਲਾਘਾ ਹੋ ਰਹੀ ਹੈ।