ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿਵਲ ਸਰਜਨ ਬਠਿੰਡਾ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਡਾ. ਦਰਸ਼ਨ ਕੌਰ ਦੀ ਸੁਚੱਜੀ ਅਗਵਾਈ ਵਿਚ ਡੈਂਟਲ ਪੰਦਰਵਾੜਾ 3 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਦਰਸ਼ਨ ਕੌਰ ਸੀਨੀਅਰ ਮੈਡੀਕਲ ਅਫਸਰ ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜਨਲ ਹਸਪਤਾਲ ਤਲਵੰਡੀ ਸਾਬੋ ਨੇ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿੰਨ੍ਹਾਂ ਦੀ ਸਾਂਭ-ਸੰਭਾਲ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਦੇ ਦੇ ਦੰਦ ਖਤਮ ਹੋ ਜਾਣ ਤਾਂ ਉਸਦੀ ਜਿੰਦਗੀ ਨੀਰਸ ਹੋ ਜਾਂਦੀ ਹੈ, ਇਸ ਵਿਸ਼ੇਸ਼ ਪੰਦਰਵਾੜੇ ਦੌਰਾਨ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਚੈਕ-ਅੱਪ ਦੰਦਾਂ ਦਾ ਹਰ ਤਰ੍ਹਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ। ਇਸ ਮੌਕੇ ਦੰਦਾਂ ਦੇ ਮਾਹਿਰ ਡਾ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਵੱਲੋਂ 29ਵਾਂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ ਟੇਡੇ-ਮੇਢੇ ਦੰਦਾਂ, ਕੀੜ੍ਹਾ ਲੱਗੇ ਦੰਦਾਂ ਦੀ ਸਫਾਈ ਤੇ ਇਲਾਜ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਦੰਦਾਂ ਦੇ ਮੁਫਤ ਬਣਾਵਟੀ ਦੰਦਾਂ ਦੇ ਸੈੱਟ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੰਦ ਖਰਾਬ ਹੋਣ ਦਾ ਮੁੱਖ ਕਾਰਨ ਜ਼ਿਆਦਾ ਫਾਸਟ ਫੂਡ, ਟੌਫੀ, ਚਾਕਲੇਟ ਅਤੇ ਚਿੰਗਮ ਵਗੈਰਾ ਖਾਣਾ ਹੈ। ਇਸ ਮੌਕੇ ਕੇਵਲ ਸਿੰਘ ਬਲਾਕ ਐਕਸਟੈਂਸਨ ਐਜੂਕੇਟਰ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਾਲ ਵਿਚ 2 ਵਾਰ ਆਪਣੇ ਦੰਦਾਂ ਦਾ ਚੈਕਅੱਪ ਜਰੂਰ ਕਰਵਾਉਣਾ ਚਾਹੀਦਾ ਹੈ ਅਤੇ ਇਸ ਪੰਦਰਵਾੜੇ ਵਿਚ ਚੈਕਅੱਪ ਕਰਵਾ ਕੇ ਜਰੂਰ ਲਾਹਾ ਲੈਣਾ ਚਾਹੀਦਾ ਹੈ।