ਸਾਂਝਾ ਅਧਿਆਪਕ ਮੋਰਚਾ ਵੱਲੋਂ ਪਿੰਡ ਨੰਗਲਾ ਵਿੱਚ ਕੀਤਾ ਗਿਆ ਕੈਂਡਲ ਮਾਰਚ।

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅੱਜ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਨੰਗਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਨਿਰਭੈ ਸਿੰਘ ਨੰਗਲਾ ਅਤੇ ਭੋਲਾ ਸਿੰਘ ਤਲਵੰਡੀ ਸਾਬੋ ਨੇ ਦੱਸਿਆ ਕਿ ਪਿਛਲੇ ਨੌਂ ਸਾਲਾਂ ਤੋਂ ਐੱਸ ਐੱਸ ਏ/ ਰਮਸਾ ਅਧੀਨ 8886 ਅਧਿਆਪਕ ਭਰਤੀ ਕੀਤੇ ਸਨ ਜੋ ਲਗਭਗ 42800 ਰੁਪਏ ਤਨਖਾਹ ਲੈ ਰਹੇ ਸਨ ਪਰ ਮੌਜੂਦਾ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਅਧਿਆਪਕਾਂ ਦੀ ਤਨਖ਼ਾਹ ਵਿੱਚੋਂ 65% ਤੋਂ 75% ਤੱਕ ਕਟੌਤੀ ਕਰ ਰਹੀ ਹੈ ਜੋ ਕਿ ਅਧਿਆਪਕਾਂ ਨੂੰ ਬਿਲਕੁੱਲ ਵੀ ਮਨਜ਼ੂਰ ਨਹੀਂ ਹੈ। ਪਿਛਲੀ 7 ਤਰੀਕ ਤੋਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੱਕਾ ਮੋਰਚਾ ਪਟਿਆਲਾ ਵਿਖੇ ਲਗਾਇਆ ਗਿਆ ਹੈ ਜੋ ਲਗਾਤਾਰ ਜਾਰੀ ਹੈ। ਉਹਨਾਂ ਦੱਸਿਆ ਕਿ ਅਧਿਆਪਕ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਧਰਨੇ, ਮੁਜ਼ਾਹਰੇ ਕਰ ਰਹੇ ਹਨ ਪਰ ਸਰਕਾਰ ਸੰਘਰਸ਼ ਨੂੰ ਦਬਾਉਣ ਲਈ ਵਿਕਟੇ ਮਾਈਜੇਸ਼ਨ ਤਹਿਤ ਅਧਿਆਪਕਾਂ ਨੂੰ ਮੁਅੱਤਲ, ਦੂਰ ਦੁਰਾਡੇ ਬਦਲੀਆਂ ਦੇ ਰਾਹ ਪਈ ਹੋਈ ਹੈ। ਐਸਐੱਸਏ/ ਰਮਸਾ ਅਧਿਆਪਕ ਯੂਨੀਅਨ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ 5 ਨਵੰਬਰ ਦੀ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਸਾਡੇ ਸਾਰੇ ਮਸਲੇ ਹੱਲ ਨਾ ਹੋਏ ਤਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਨੇ ਦੱਸਿਆ ਕਿ ਅਸਲ ਵਿੱਚ ਇਹ ਮਸਲਾ ਤਨਖ਼ਾਹ ਕਟੌਤੀ ਦਾ ਨਹੀਂ ਸਗੋਂ ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਸਰਕਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਸਰਕਾਰ ਬਿਜਲੀ ਬੋਰਡ ਅਤੇ ਵਾਟਰ ਵਰਕਸ ਨੂੰ ਨਿੱਜੀ ਹੱਥਾਂ ਵਿਚ ਸੌਂਪ ਕੇ ਲੋਕਾਂ ਤੋਂ ਸਹੂਲਤਾਂ ਖੋਹ ਰਹੀ ਹੈ ਜੋ ਕਿ ਅਧਿਆਪਕ, ਕਿਸਾਨ ਤੇ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਅੱਜ ਦੀ ਰੈਲੀ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਮੋਹਨ ਸਿੰਘ ਚੱਠੇਵਾਲਾ, ਗੁਰਜਿੰਦਰ ਸਿੰਘ, ਹਰਮੇਸ਼ ਕੁਮਾਰ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਵਕੀਲ ਸਿੰਘ, ਮੁਕੇਸ਼ ਬਾਂਸਲ, ਹਰਦੇਵ ਸਿੰਘ ਐਡਵੋਕੇਟ, ਮੈਡਮ ਜਗਰੂਪ ਕੌਰ, ਸੁਖਪਾਲ ਕੌਰ, ਕਰਨਵੀਰ ਸਿੰਘ ਆਦਿ ਨੇ ਸੰਬੋਧਨ ਕੀਤਾ।