ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ

ਭਵਾਨੀਗੜ੍, 21 ਸਤੰਬਰ (ਗੁਰਵਿੰਦਰ ਰੋਮੀ ਭਵਾਨੀਗੜ)- ਅੱਜ ਇੱਥੇ ਇੱਕਤਰ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਵਰਕਰਾਂ ‘ਤੇ ਹੋਏ ਹਮਲਿਆਂ ਪਿੱਛੇ ਕਾਂਗਰਸੀ ਆਗੂਆਂ ਦੇ ਹੱਥ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਖੁੱਦ ਇਸ ਸਬੰਧੀ ਪੁਲਸ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕਰ ਦਿੱਤੀ।ਕਾਂਗਰਸੀ ਆਗੂਆਂ ਨੇ ਅਕਾਲੀ ਦਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਅਜਿਹੀਆਂ ਵਾਰਦਾਤਾਂ ਖੁਦ ਆਪ ਵੀ ਕਰਵਾ ਸਕਦਾ ਹੈ ਕਿਉਂਕਿ ਪਿਛਲੇ ਦਸ ਸਾਲਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਸੱਤਾ ਵਿੱਚ ਰਹਿੰਦਿਆਂ ਕੀਤੀ ਜਨਤਾ ਦੀ ਲੁੱਟ ਤੇ ਕੁੱਟ ਨੂੰ ਸੂਬੇ ਦੇ ਲੋਕ ਕਦੇ ਨਹੀਂ ਭੁਲ ਸਕਦੇ।ਉਨ੍ਹਾਂ ਮੰਗ ਕੀਤੀ ਕਿ ਪ੍ਰਸਾਸ਼ਨ ਇਲਾਕੇ ‘ਚ ਹੋਈਆਂ ਘਟਨਾਵਾਂ ਦੀ ਨਿਰਪੱਖ ਪੜਤਾਲ ਕਰਕੇ ਦੋਸ਼ੀਆਂ ਨੂੰ ਸਾਹਮਣੇ ਲਿਆਵੇ। ਪ੍ਰੈਸ ਕਾਨਫਰੰਸ ਵਿੱਚ ਜਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨਾਨਕ ਚੰਦ ਨਾਇਕ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਵਰਿੰਦਰ ਪੰਨਵਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਜਿਸ ਦਾ ਨਤੀਜਾ ਕਾਂਗਰਸ ਜਿੱਤ ਦੇ ਰੂਪ ਵਿੱਚ ਚੱਖੇਗੀ।ਪਰਤੂੰ ਦੂਜੇ ਪਾਸੇ ਅਕਾਲੀ ਦਲ ਨੂੰ ਚੋਣਾਂ ਦੌਰਾਨ ਹਰ ਪਾਸੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਤੋਂ ਬਾਅਦ ਬੋਖਲਾਹਟ ‘ਚ ਆਏ ਅਕਾਲੀ ਹੁਣ ਊਲ ਜਲੂਲ ਹਰਕਤਾਂ ‘ਤੇ ਉਤਰ ਆਏ ਹਨ ਅਤੇ ਥਾਣੇ ਦਾ ਘਿਰਾਓ ਕਰਕੇ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ‘ਤੇ ਤੁਲੇ ਹਨ।ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿਡਾਂ ਵਿੱਚ ਕੁੱਝ ਇੱਕ ਥਾਵਾਂ ‘ਤੇ ਹੋਈਆਂ ਕੁੱਟਮਾਰ ਦੀਆਂ ਘਟਨਾਵਾਂ ਦੀ ਕਾਂਗਰਸ ਪਾਰਟੀ ਸਖਤ ਨਿੰਦਾ ਕਰਦੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਅਮਨ ਸ਼ਾਂਤੀ ਮੰਗੀ ਹੈ।ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪ੍ਰਦੀਪ ਕੱਦ,ਮੀਤ ਪ੍ਰਧਾਨ ਰਣਜੀਤ ਤੂਰ,ਸੀਨੀਅਰ ਆਗੂ ਕਪਲ ਗਰਗ, ਮਹੇਸ਼ ਕੁਮਾਰ ਵਰਮਾ ਸ਼ਹਿਰੀ ਪ੍ਰਧਾਨ,ਵਿਪਨ ਸ਼ਰਮਾ,ਜਗਤਾਰ ਨਮਾਦਾ,ਰਾਏ ਸਿੰਘ ਬਖਤੜੀ, ਹਰੀ ਸਿੰਘ ਫੱਗੂਵਾਲਾ ਅਤੇ ਅਵਤਾਰ ਸਿੰਘ ਆਦਿ ਵੀ ਹਾਜਰ ਸਨ। ਭਵਾਨੀਗੜ੍ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ।