ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੜ੍ਹਾਈ ਸਾਹਿਤ ਖੇਡਾਂ ਤੇ ਸਭਿਆਚਾਰਕ ਖੇਤਰ ਅੰਦਰ ਅਨੇਕਾਂ ਬੁਲੰਦੀਆਂ ਪੁੱਟ ਰਹੀ ਸੂਬੇ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਪਿਛਲੇ ਦਿਨੀ ਫਾਈਨ ਆਰਟ ਵਿਭਾਗ ਵੱਲੋਂ ਵਿਸ਼ਾਲ ਪੇਟਿੰਗਜ਼ ਮੁਕਾਬਲੇ ਆਯੋਜਤ ਕਰਵਾਏ ਗਏ। ਜਿਸ ਦਾ ਮਕਸਦ ਵਿਦਿਆਰਥੀਆਂ ਦੀ ਅੰਦਰ ਛੁਪੀ ਕਲਾ ਨੂੰ ਬਾਹਰ ਲਿਆ ਕੇ ਉਨ੍ਹਾਂ ਅੰਦਰ ਆਤਮਵਿਸ਼ਵਾਸ਼ ਭਰਨਾ ਸੀ। ਫਾਈਨ ਆਰਟ ਵਿਭਾਗ ਮੁਖੀ ਪ੍ਰੋ. ਕਵੰਲਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਾਈਨ ਆਰਟ ਖੇਤਰ ਅੰਦਰ ਵਿਦਿਆਰਥੀ ਕਈ ਤਰਾਂ ਦੇ ਕੋਰਸ ਕਰਕੇ ਆਪਣਾ ਭਵਿੱਖ ਚਮਕਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਮਨੁੱਖ ਅੰਦਰ ਚਿੱਤਰਕਾਰੀ ਦੀ ਕਲਾ ਕੁਦਰਤੀ ਤੌਰ ਤੇ ਹੁੰਦੀ ਹੈ ਪਰ ਉਸ ਨੂੰ ਪ੍ਰੈਕਟਿਸ ਨਾਲ ਨਿਖਾਰ ਕੇ ਬੇਹਤਰ ਰੁਜਗਾਰ ਦੇ ਕਾਬਿਲ ਬਣਾਉਣਾ ਹੀ ਸੰਸਥਾ ਦਾ ਮੁੱਖ ਮਕਸਦ ਹੈ। ਵਰਸਿਟੀ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਫਾਈਨ ਆਰਟ ਵਿਭਾਗ ਦੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਕਲਾ ਵਿੱਚ ਨਿਪੁੰਨ ਹੋ ਕੇ ਕਾਮਯਾਬ ਇਨਸਾਨ ਬਣਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੱਸਿਆ ਕਿ ਫਾਈਨ ਆਰਟ ਵਿਭਾਗ ਦੇ ਵਿਦਿਆਰਥੀਆਂ ਲਈ ਦੇਸ਼ ਅੰਦਰ ਕਾਮਯਾਬੀ ਪ੍ਰਾਪਤ ਕਰਨ ਦੇ ਅਨੇਕਾਂ ਵਿਭਾਗ ਮੌਜੂਦ ਹਨ। ਜਿਸ ਸਦਕਾ ਚੰਗੀ ਸਿਖਲਾਈ ਪ੍ਰਾਪਤ ਕਰਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੈਚੂਲਰ ਆਫ ਫਾਈਨ ਆਰਟ ਫਸਟ ਮਾਸਟਰ ਆਫ ਫਾਈਨ ਆਰਟ ਫਸਟ ਤੇ ਸੈਕਿੰਡ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪੂਜਾ ਰਾਣੀ ਐਮ. ਏ ਫਾਈਨ ਆਰਟ ਨੇ ਪਹਿਲਾ ਸਥਾਨ ਗੁਰਪ੍ਰੀਤ ਕੌਰ ਨੇ ਦੂਜਾ ਤੇ ਸਤਵੀਰ ਕੌਰ ਬੀਐਫਏ ਫਸਟ ਨੇ ਤੀਜ਼ਾ ਸਥਾਨ ਹਾਸਲ ਕਰਕੇ ਪ੍ਰਸੰਸਾ ਖੱਟੀ। ਇਸ ਮੌਕੇ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ ਡੀਨ ਅਕਾਦਮਿਕ ਡਾ. ਜੀ.ਐਸ. ਬਰਾੜ ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ ਡਾਇਰੈਕਟਰ ਇਨਫਰਮੇਂਸ਼ਨ ਟੈਕਨਾਲੋਜੀ ਸਨੀ ਅਰੌੜਾ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਪ੍ਰੋ. ਹਰਪ੍ਰੀਤ ਸ਼ਰਮਾ ਨੇ ਵਿਭਾਗ ਦੇ ਨਿੱਗਰ ਉਪਰਾਲਿਆਂ ਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।