ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੂਬੇ ਵਿੱਚ ਆਏ ਹੜ੍ਹਾਂ ਦੇ ਪੀੜਿਤਾਂ ਦੀ ਹਰ ਕਿਸਮ ਦੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਉਪਰੰਤ ਅੱਜ ਪਾਣੀ ਦੀਆਂ ਹਜਾਰਾਂ ਬੋਤਲਾਂ ਨਾਲ ਭਰਿਆ ਇੱਕ ਪਾਣੀ ਦਾ ਟੈਂਪੂ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਹੜ੍ਹ ਪੀੜਿਤਾਂ ਲਈ ਰਵਾਨਾ ਕੀਤਾ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਦੇ ਅਕਾਲੀ ਕੌਂਸਲਰ ਅਤੇ ਸਮਾਜ ਸੇਵੀ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ ਵੱਲੋਂ ਕੁਝ ਸਮਾਜ ਸੇਵੀਆਂ ਅਤੇ ਸਾਥੀਆਂ ਦੀ ਸਹਾਇਤਾ ਸਦਕਾਂ ਹੜ ਪੀੜਿਤਾਂ ਲਈ ਕਰੀਬ 6000 ਪਾਣੀ ਦੀਆਂ ਬੋਤਲਾਂ ਦਾ ਇੰਤਜਾਮ ਕੀਤਾ ਗਿਆ ਜਿਨਾਂ ਨੂੰ ਅੱਜ ਇੱਕ ਪਿਕਅਪ ਟੈਂਪੂ ਰਾਹੀਂ ਰਵਾਨਾ ਕੀਤਾ ਗਿਆ। ਰਵਾਨਾ ਕਰਨ ਤੋਂ ਪਹਿਲਾਂ ਸਾਬਕਾ ਵਿਧਾਇਕ ਸਿੱਧੂ ਨੇ ਐਡਵੋਕੇਟ ਸਿੱਧੂ ਅਤੇ ਸਮੁੱਚੇ ਸਾਥੀਆਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਹਲਕੇ ਦੇ ਹੋਰਨਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾਂ ਸੂਬੇ ਦੇ ਹੜ ਪੀੜਿਤਾਂ ਲਈ ਪੀਣ ਵਾਲਾ ਪਾਣੀ, ਦਵਾਈਆਂ ਅਤੇ ਪਸ਼ੂਆਂ ਲਈ ਹਰੇ ਚਾਰੇ ਅਤੇ ਪਸ਼ੂਆਂ ਦੀਆਂ ਦਵਾਈਆਂ ਦਾ ਵੱਧ ਤੋਂ ਵੱਧ ਇੰਤਜਾਮ ਕਰਕੇ ਭਿਜਵਾਉਣ ਤਾਂ ਕਿ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦੱਦ ਕੀਤੀ ਜਾ ਸਕੇ। ਇਸ ਮੌਕੇ ਸਾਬਕਾ ਵਿਧਾਇਕ ਨੇ ਟੈਂਪੂ ਚਾਲਕ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਰਵਾਨਾ ਕਰਨ ਮੌਕੇ ਸਤਿੰਦਰ ਸਿੱਧੂ ਕੌਂਸਲਰ, ਐਡਵੋਕੇਟ ਬਹਾਦਰ ਸਿੰਘ ਧਾਲੀਵਾਲ, ਐਡਵੋਕੇਟ ਸੰਜੀਵ ਲਹਿਰੀ, ਸੁਰਿੰਦਰ ਨੰਬਰਦਾਰ ਡੂੰੰਮਵਾਲੀ, ਅਵਤਾਰ ਮੈਨੂੰਆਣਾ, ਬਾਬੂ ਸਿੰਘ ਮਾਨ, ਜਸਵਿੰਦਰ ਸਿੰਘ ਜੈਲਦਾਰ, ਸੁਖਪਾਲ ਸਿੰਘ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਕੁਲਦੀਪ ਕਲਾਲਵਾਲਾ ਆਦਿ ਆਗੂ ਹਾਜਰ ਸਨ।