ਤਲਵੰਡੀ ਸਾਬੋ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਵਿੱਚ ਲੋਕਾਂ ਨੂੰ ਰਿਆਇਤਾਂ ਦੇਣ ਦੀਆਂ ਦਿੱਤੀਆਂ ਗਈਆਂ ਗਰੰਟੀਆਂ ਵਿੱਚੋਂ ਅੱਜ ਪਹਿਲੀ ਗਾਰੰਟੀ ਦਾ ਵਾਅਦਾ ਪੂਰਾ ਕਰਦੇ ਹੋਏ 1 ਜੁਲਾਈ ਤੋਂ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦੇ ਕੀਤੇ ਗਏ ਐਲਾਣ ਦਾ ਆਪ ਆਗੂਆਂ ਮੁੱਖ ਬੁਲਾਰੇ, ਪ੍ਰਧਾਨ ਕਿਸਾਨ ਵਿੰਗ ਗੁਰਦੀਪ ਤੂਰ ਅਤੇ ਸਰਕਲ ਪ੍ਰਧਾਨ ਬਿੱਕਰ ਸਿੰਘ ਖਾਲਸਾ ਨੇ ਸੁਆਗਤ ਕੀਤਾ ਹੈ ਅਤੇ ਕਿਹਾ ਕਿ ਚੋਣਾਂ ਦੌਰਾਨ ਹਰ ਵਰਗ ਦੇ ਲੋਕਾਂ ਨੇ ਬਿਨ੍ਹਾਂ ਕਿਸੇ ਸ਼ਰਤ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਸਰਕਾਰ ਬਨਾਉਣ ਦਾ ਮੌਕਾ ਦਿੱਤਾ ਹੈ ਅਤੇ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਨ੍ਹਾਂ ਕਿਸੇ ਜਾਤ ਪਾਤ ਅਤੇ ਧਰਮ ਤੋਂ ਸੱਭ ਲੋਕਾਂ ਨੂੰ ਬਰਾਬਰ ਸਹੂਲਤਾਂ ਦੇਵੇਗੀ। ਪਰ ਅੱਜ 300 ਯੂਨਿਟ ਬਿਜਲੀ ਮੁਫਤ ਦੇ ਐਲਾਣ ਵਿੱਚ ਐਸ.ਬੀ.ਬੀ.ਸੀ., ਬੀਪੀਐਲ ਅਤੇ ਸੈਨਿਕ ਪਰਿਵਾਰ ਤੋਂ ਇਲਾਵਾ ਦੂਸਰੇ ਵਰਗ ਦੇ ਲੋਕਾਂ ਨਾਲ ਬਿਜਲੀ ਮੁਆਫੀ ਵਿੱਚ ਭੇਦਭਾਵ ਕੀਤਾ ਗਿਆ ਹੈ ਜਿਸਦੀ ਲੋਕਾਂ ਨੂੰ ਸਰਕਾਰ ਤੋਂ ਉਮੀਦ ਨਹੀਂ ਸੀ। ਉਕਤ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 300 ਯੂਨਿਟ ਪ੍ਰਤੀ ਮਹੀਨਾ ਤੋਂ ਵੱਧ ਖਪਤ ਵਾਲੇ ਸਮੂਹ ਵਰਗਾਂ ਨੂੰ ਵੀ ਇਹ ਮੁਫਤ ਵਾਲੀ ਸਹੂਲਤ ਇੱਕ ਬਰਾਬਰ ਦਿੱਤੀ ਜਾਵੇ। ਇਸਦੇ ਨਾਲ ਹੀ ਛੋਟੇ ਵਪਾਰੀ ਜੋ ਕਿ ਕਰੋਨਾ ਮਹਾਂਮਾਰੀ ਦੀ ਤਾਲਾਬੰਦੀ ਦੌਰਾਨ ਘਾਟੇ ਕਾਰਨ ਕਰਜੇ ਹੇਠ ਦੱਬੇ ਹੋਏ ਹਨ ਅਤੇ ਬਿਜਲੀ ਬਿਲ ਤਾਂ ਕੀ ਦੁਕਾਨਾਂ ਦੇ ਕਿਰਾਏ ਤੱਕ ਭਰਣ ਵਿੱਚ ਅਸਮਰਥ ਹਨ ਨੂੰ ਵੀ ਵਪਾਰਕ ਬਿਜਲੀ ਬਿਲਾਂ ’ਚ ਵੀ 300 ਯੂਨਿਟ ਮੁਆਫੀ ਦਾ ਲਾਭ ਦਿੱਤਾ ਜਾਵੇ।