ਤਲਵੰਡੀ ਸਾਬੋ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੜਾਈ ਵਿੱਚ ਚੰਗੀਆਂ ਪ੍ਰਾਪਤੀਆਂ ਕਰਨ ਦੇ ਨਾਲ ਨਾਲ ਹੁਣ ਖੇਡਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਨੇ ਜਿੱਥੇ ਖੇਡ ਵਿਭਾਗ ਪੰਜਾਬ ਦੁਆਰਾ ਕਰਵਾਈਆਂ ਗਈਆਂ ਗਰਮ ਰੁੱਤ ਦੀਆਂ ਖੇਡਾਂ ਵਿੱਚ ਜਿਲੇ ਭਰ ਵਿੱਚੋਂ ਕੱਬਡੀ ਨੈਸ਼ਨਲ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਉੱਥੇ ਹੁਣ ਨੈਸ਼ਨਲ ਲੈਵਲ 'ਤੇ ਇੱਕ ਖਿਡਾਰੀ ਦੇ ਚੁਣੇ ਜਾਣ ਨਾਲ ਸਕੂਲ ਦੇ ਸਟਾਫ ਅਤੇ ਬੱਚਿਆਂ ਅੰਦਰ ਖੁਸ਼ੀ ਪਾਈ ਜਾ ਰਹੀ ਹੈ। ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸਿਲੈਕਸ਼ਨ ਤੋਂ ਵਾਪਿਸ ਸਕੂਲ ਵਿਖੇ ਪਹੁੰਚਣ ਮੌਕੇ ਕਰਵਾਏ ਗਏ ਇੱਕ ਸਮਾਗਮ ਮੌਕੇ ਕੱਬਡੀ ਖਿਡਾਰੀ ਜਸਪ੍ਰੀਤ ਸਿੰਘ ਲਹਿਰੀ ਅਤੇ ਕੋਚ ਹਰਵਿੰਦਰ ਸਿੰਘ ਬਣਾਂਵਾਲੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਜਿੱਤ ਦੀ ਖੁਸ਼ੀ ਮਨਾਈ ਗਈ। ਇਸ ਮੌਕੇ ਸਮੁੱਚੇ ਸਟਾਫ ਅਤੇ ਚੁਣੇ ਗਏ ਖਿਡਾਰੀ ਨੂੰ ਮੁਬਾਰਕਬਾਦ ਦਿੰਦਿਆਂ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਏ ਗਏ ਟ੍ਰਾਇਲ ਮੌਕੇ ਉਕਤ ਖਿਡਾਰੀ ਦੀ ਲਗਭਗ 300 ਖਿਡਾਰੀਆਂ ਵਿੱਚੋਂ ਸਿਲੈਕਸ਼ਨ ਹੋਈ ਹੈ ਜੋ ਕਿ ਸਕੂਲ ਅਤੇ ਖੇਤਰ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਜਸਪ੍ਰੀਤ ਸਿੰਘ ਭਾਵੇਂ ਇਸ ਸਕੂਲ ਦਾ ਵਿਦਿਆਰਥੀ ਹੈ ਪ੍ਰੰਤੂ ਪੰਜਾਬ ਦੀ ਟੀਮ ਵਿੱਚ ਚੁਣਿਆ ਹੋਣ ਕਰਕੇ ਬਠਿੰਡਾ ਜਿਲੇ ਦੀ ਨੁਮਾਇੰਦਗੀ ਕਰੇਗਾ। ਉਹਨਾਂ ਉਮੀਦ ਜਿਤਾਈ ਕਿ ਜਿਸ ਤਰਾਂ ਜਸਪ੍ਰੀਤ ਜਿਲੇ ਤੱਕ ਖੇਡਦਿਆਂ ਮੱਲਾਂ ਮਾਰੀਆਂ ਹਨ ਉਸੇ ਤਰਾਂ ਹੋ ਰਹੀਆਂ ਨੈਸ਼ਨਲ ਪੱਧਰੀ ਖੇਡਾਂ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਬਠਿੰਡਾ ਜਿਲੇ ਦੇ ਨਾਲ ਨਾਲ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗਾ। ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ ਅਤੇ ਸੈਕਰੇਟਰੀ ਮੈਡਮ ਪਰਮਜੀਤ ਕੌਰ ਜਗਾ ਨੇ ਖਿਡਾਰੀ ਅਤੇ ਕੋਚ ਦਾ ਮੂੰਹ ਮਿੱਠਾ ਕਰਵਾਇਆ। ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ, ਜਸਪਾਲ ਕੁਮਾਰ, ਅਜੈ ਕੁਮਾਰ, ਪਰਸਨ ਸਿੰਘ, ਕਰਨਦੀਪ ਸਿੰਘ ਅਤੇ ਸਮੁੱਚਾ ਸਟਾਫ ਹਾਜ਼ਰ ਸੀ।