ਪਟਿਆਲਾ,(ਆਨੰਦ)ਅੱਜ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ,ਐਡਵੋਕੇਟ ,ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ,ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤੇ ਗਏ ਵਿੱਤੀ ਸਾਲ 2024/25 ਦੇ ਵਿੱਤੀ ਬਜਟ ਵਿੱਚ ਪੰਜਾਬ ਅਤੇ ਪੰਜਾਬੀਆਂ ਨੂੰ ਅਣਦੇਖਾ ਕੀਤਾ ਗਿਆ ਹੈ। ਕਿਉਂਕਿ ਇਸ ਬਜਟ ਵਿੱਚ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਜਦੋਂ ਕਿ ਆਂਧਰਾ ਪ੍ਰਦੇਸ਼ ਅਤੇ ਬਿਹਾਰ ਲਈ ਪੈਕਜਾਂ ਦੇ ਰੂਪ ਵਿੱਚ ਉਹਨਾਂ ਨੂੰ ਦੌਲਤ ਦੇ ਗੱਫੇ ਵੰਡੇ ਗਏ ਹਨ,ਜਦੋਂ ਕਿ ਪੰਜਾਬ ਨੇ ਪਹਿਲਾਂ ਅੱਤਵਾਦ ਦੀ ਫਿਰ ਨਸ਼ਿਆਂ ਦੀ ਅਤੇ ਫਿਰ ਹੜਾਂ ਦੀ ਮਾਰ ਝੱਲੀ ਹੈ ਅਤੇ ਪੰਜਾਬ ਦੇ ਸਿਰ ਉੱਪਰ ਕਰੋੜਾਂ ਰੁਪਏ ਦਾ ਕਰਜਾ ਚੜ ਗਿਆ ਹੈ ਪਰ ਕੇਂਦਰ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਬਜਟ ਵਿੱਚ ਪੰਜਾਬੀਆਂ ਨੂੰ ਕੁਝ ਵੀ ਨਹੀਂ ਦਿੱਤਾ ਜਿਸ ਕਰਕੇ ਪੰਜਾਬੀਆਂ ਵਿੱਚ ਬੀਜੇਪੀ ਦੀ ਕੇਂਦਰ ਸਰਕਾਰ ਪ੍ਰਤੀ ਬੈਗਾਨਗੀ ਅਤੇ ਰੋਸ ਦੀ ਭਾਵਨਾ ਹੋਰ ਵਧੀ ਹੈ। ਇਸ ਬਜਟ ਤੋਂ ਇੰਜ ਜਾਪਦਾ ਹੈ ਕਿ ਪੰਜਾਬ ਨੂੰ ਕੋਈ ਵੀ ਪੈਕਜ ਨਾ ਦੇ ਕੇ ਪੰਜਾਬ ਨੂੰ ਕੇਂਦਰ ਵੱਲੋਂ ਸਬਕ ਸਿਖਾਇਆ ਜਾ ਰਿਹਾ ਹੈ ਅਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਪੰਜਾਬ ਇੱਕ ਵਾਰਡਰ ਸਟੇਟ ਅਤੇ ਖੇਤੀ ਪ੍ਰਧਾਨ ਸੂਬਾ ਹੈ । ਪੰਜਾਬ ਦੇ ਕਿਸਾਨਾਂ ਨੂੰ ਵੀ ਇਸ ਬਜਟ ਵਿੱਚ ਕੋਈ ਵਾਧੂ ਪੈਕਜ ਨਹੀਂ ਦਿੱਤਾ ਗਿਆ ਜਿਸ ਕਰਕੇ ਕਿਸਾਨਾਂ ਵਿੱਚ ਵੀ ਹੋਰ ਨਿਰਾਸ਼ਾ ਵਧੀ ਹੈ।ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋ ਦਿਨ ਵੱਧ ਰਹੀ ਹੈ ਜਿਸ ਕਾਰਨ ਪੰਜਾਬ ਦੇ ਬੱਚੇ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋ ਰਹੇ ਹਨ।ਸਰਹੱਦ ਤੋਂ ਪਾਰ ਦੇਸ਼ ਦੇ ਦੁਸ਼ਮਣਾਂ ਵੱਲੋਂ ਪੰਜਾਬ ਨੂੰ ਨਕਾਰਾ ਕਰਨ ਲਈ ਲਗਾਤਾਰ ਨਸ਼ਾ ਭੇਜਿਆ ਜਾ ਰਿਹਾ ਹੈ।ਪੰਜਾਬ ਦੀਆਂ ਨਸਲਾਂ ਬਰਬਾਦ ਹੋ ਰਹੀਆਂ ਹਨ ਪਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਬਜਟ ਵਿੱਚ ਬਿਲਕੁਲ ਅਣਦੇਖਾ ਕੀਤਾ ਹੈ,ਜੋ ਇਸ ਗੱਲ ਨੂੰ ਪੰਜਾਬ ਅਤੇ ਪੰਜਾਬੀ ਯਾਦ ਰੱਖਣਗੇ ਕਿ ਇਸ ਬਜਟ ਵਿੱਚ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਪੰਜਾਬੀਆਂ ਨੂੰ ਬੈਗਾਨਗੀ ਦਾ ਅਹਿਸਾਸ ਕਰਾਇਆ ਹੈ।ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਵੀ ਪੰਜਾਬ ਦੀ ਬੇਹਤਰੀ ਲਈ ਅਤੇ ਪੰਜਾਬ ਨੂੰ ਬਰਬਾਦ ਹੋਣ ਤੋ ਬਚਾਉਣ ਲਈ ਮੂਕ ਦਰਸ਼ਕ ਨਾ ਬਣ ਕੇ ਕੇਂਦਰ ਸਰਕਾਰ ਕੋਲ ਆਪਣੀ ਆਵਾਜ਼ ਚੁੱਕਣੀ ਚਾਹੀਦੀ ਹੈ।