ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਗੁਰੂਕਾਸ਼ੀ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਨਾਟਕ ਮੇਲਾ।

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਮੋਹਰੀ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿਖੇ ਸ਼ਹੀਦ ਏ ਆਜਮ ਸ. ਭਗਤ ਸਿੰਘ ਦੇ 111ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਇੱਕ ਨਾਟਕ ਮੇਲਾ ਕਰਵਾਇਆ ਗਿਆ। ਯੂਨੀਵਰਸਿਟੀ ਦੇ ਥੀਏਟਰ ਵਿੱਚ ਬੇਸਿਕ ਸਾਇੰਸ ਵਿਭਾਗ ਦੇ ਸਾਥ ਸਦਕਾ ਆਯੋਜਿਤ ਉਕਤ ਸਮਾਗਮ ਵਿੱਚ ਜਿਲਾ ਪੁਲਿਸ ਮੁਖੀ ਬਠਿੰਡਾ ਡਾ. ਨਾਨਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦੋਂਕਿ ਉੱਘੇ ਨਾਟਕਕਾਰ ਸਵ. ਅਜਮੇਰ ਸਿੰਘ ਔਲਖ ਦੀ ਪਤਨੀ ਮਨਜੀਤ ਕੌਰ ਔਲਖ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਨਾਟ ਰੁਪਾਂਤਰਨ 'ਤੂੰ ਕੌਣ? ਮੈਂ ਭਗਤ ਸਿੰਘ' ਪੇਸ਼ ਕੀਤਾ ਗਿਆ ਜਿਸਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਉਪਰੰਤ ਔਲਖ ਸਾਹਿਬ ਦੀ ਟੀਮ ਵੱਲੋਂ 'ਐਸੇ ਜਨ ਵਿਰਲੈ ਸੰਸਾਰੇ' ਨਾਟਕ ਰਾਹੀਂ ਅਜੋਕੇ ਸਮਾਜ ਵਿੱਚ ਵੀ ਧਰਮਾਂ ਅੰਦਰ ਜਾਤ ਪਾਤ ਦੇ ਨਾਂ 'ਤੇ ਹੁੰਦੇ ਵਿਤਕਰੇ ਦਿਖਾਉਂਦਿਆਂ ਲੜਕੀਆਂ ਨੂੰ ਨਾਰੀ ਸ਼ਕਤੀ ਦੇ ਰੂਪ ਵਿੱਚ ਦਰਸਾਇਆ ਗਿਆ। ਜਿਸਨੇ ਦਰਸ਼ਕਾਂ ਦੀ ਪੂਰੀ ਵਾਹ ਵਾਹ ਖੱਟੀ। ਆਪਣੇ ਸੰਬੋਧਨ ਵਿੱਚ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਅਜੋਕੀ ਨੌਜਵਾਨ ਪੀੜੀ ਨੂੰ ਵਿਚਾਰਾਂ ਰਾਹੀਂਂ ਇਨਕਲਾਬ ਦੀ ਪਰਿਭਾਸ਼ਾ ਸਮਝਣ ਦੀ ਅਪੀਲ ਕਰਦਿਆਂ ਉਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਦੇਸ਼ ਅਤੇ ਸਮਾਜ ਲਈ ਕੁਝ ਕਰ ਸਕਣ। ਉਨਾਂ ਨੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਬੀਤੇ ਸਮੇਂ ਤੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਅਤੇ ਉਭਰ ਰਹੇ ਕਹਾਣੀਕਾਰ ਜਸਵੀਰ ਸਿੱਧੂ ਦਮਦਮੀ ਦਾ ਕਹਾਣੀ ਸੰਗ੍ਰਿਹ 'ਬਾਤਾਂ ਸੜਕੋਂ ਪਾਰ ਦੀਆਂ' ਵੀ ਰਿਲੀਜ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਸਮਾਗਮ ਦੇ ਅੰਤ ਵਿੱਚ ਨੌਜਵਾਨਾਂ ਨੂੰ ਸੇਧ ਦੇਣ ਵਾਲਾ ਨਾਟਕ ਮੇਲਾ ਕਰਵਾਉਣ ਲਈ ਵਧਾਈ ਦਿੰਦਿਆਂ ਉਨਾਂ ਅੱਗੇ ਤੋਂ ਹੋਰ ਵੀ ਸਮਾਜ ਸੇਵੀ ਕਾਰਜਾਂ ਲਈ ਲੋੜ ਪੈਣ 'ਤੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਬਣਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਪਰਿਵਾਰ ਵੱਲੋਂ ਖੇਡਿਆ ਗਿਆ ਨਾਟਕ ਵਿਦਿਆਰਥੀਆਂ ਨੂੰ ਵੱਖ-ਵੱਖ ਸਕੂਲਾਂ ਕਾਲਜਾਂ ਅੰਦਰ ਦਿਖਾਉਣ ਦੀ ਜ਼ਰੂਰਤ ਹੈ। ਸਮਾਗਮ ਦੇ ਅੰਤ ਵਿੱਚ ਜਿੱਥੇ ਯੂਨੀਵਰਸਿਟੀ ਪ੍ਰਬੰਧਕਾਂ ਤੇ ਮੰਚ ਵੱਲੋਂ ਐੱਸਐੱਸਪੀ ਬਠਿੰਡਾ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਯੂਨੀਵਰਸਲ ਸਕੂਲ ਦੇ ਮੁਖੀ ਸੁਖਚੈਨ ਸਿੰਘ ਸਿੱਧੂ ਨੇ ਬੱਚਿਆਂ ਵਿੱਚ ਸ਼ੋਸਲ ਮੀਡੀਏ ਦੇ ਵਧ ਰਹੇ ਪ੍ਰਭਾਵ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਸੁਖਰਾਜ ਸਿੰਘ ਸਿੱਧੂ, ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ, ਡੀਨ ਬੇਸਿਕ ਸਾਇੰਸ ਡਾ. ਕਵਿਤਾ ਚੌਧਰੀ, ਡਾ. ਬਲਵੰਤ ਸੰਧੂ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਪੀਆਰਓ ਹਰਪ੍ਰੀਤ ਸ਼ਰਮਾ, ਥਾਣਾ ਤਲਵੰਡੀ ਸਾਬੋ ਮੁਖੀ ਜਸਵਿੰਦਰ ਸਿੰਘ, ਥਾਣਾ ਰਾਮਾਂ ਮੰਡੀ ਮੁਖੀ ਮਨੋਜ ਕੁਮਾਰ, ਜਗਜੀਤ ਸਿੰਘ ਸਿੱਧੂ ਰਿਟਾ. ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ, ਪ੍ਰਿੰ. ਰਘੁਵੀਰ ਸਿੰਘ ਮੁਖੀ ਟੈਗੋਰ ਪਬਲਿਕ ਸਕੂਲ, ਭਾਗ ਸਿੰਘ ਕਾਕਾ ਹਲਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਣਜੀਤ ਸਿੰਘ ਮਲਕਾਣਾ ਮੈਨੇਜਰ ਖਾਲਸਾ ਸਕੂਲ, ਠਾਣਾ ਸਿੰਘ ਚੱਠਾ, ਚੇਅਰਮੈਨ ਸੁਖਚੈਨ ਸਿੰਘ ਸਿੱਧੂ, ਡਾ. ਪਰਮਜੀਤ ਕੌਰੇਆਣਾ, ਸਰਪੰਚ ਗੁਰੂਸਰ ਭਾਗ ਸਿੰਘ ਕਾਕਾ, ਜਗਜੀਤ ਸਿੰਘ ਸਿੱਧੂ, ਲਾਭ ਸਿੰਘ ਪ੍ਰਧਾਨ ਟੈਕਸੀ ਯੂਨੀਅਨ, ਗਗਨਦੀਪ ਸਿੰਘ, ਗੁਰਚੇਤ ਸਿੰਘ, ਰਣਜੀਤ ਸਿੰਘ ਮਲਕਾਣਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਾਰੇ ਅਹੁਦੇਦਾਰ ਹਾਜਿਰ ਸਨ। ਮੰਚ ਦੀ ਕਾਰਵਾਈ ਨਸ਼ਾ ਵਿਰੋਧੀ ਮੰਚ ਦੇ ਮੇਜਰ ਕਮਾਲੂ ਨੇ ਬਾਖੂਬੀ ਨਿਭਾਈ।