ਫਾਜਿਲਕਾ ਦੇ ਪਿੰਡ ਮਹਾਤਮ ਨਗਰ ਦੇ ਨਜਦੀਕ ਵਗਦੇ ਸਤਲੁਜ ਦਰਿਆ ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮਾਲੀ ਸਹਾਇਤਾ ਦੀ ਕੀਤੀ ਮੰਗ

ਫਾਜਿਲਕਾ, 4 ਨਵੰਬਰ(ਕ੍ਰਿਸ਼ਨ ਸਿੰਘ)-ਫਾਜਿਲਕਾ ਦੇ ਸਰਹੱਦੀ ਪਿੰਡ ਮਹਾਤਮ ਨਗਰ ਦੇ ਨਜਦੀਕ ਵਗਦੇ ਸਤਲੁਜ ਦਰਿਆ ਵਿੱਚ ਇੱਕ ਵਿਅਕਤੀ ਦੀ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਇਆਂ ਮ੍ਰਿਤਕ ਲਾਲ ਸਿੰਘ(45) ਦੀ ਪਤਨੀ ਮਾਲਾ ਬਾਈ ਨੇ ਦੱਸਿਆ ਕਿ ਉਨ੍ਹਾਂ ਦਾ ਖੇਤ ਨਾਲ ਹੀ ਵਗਦੇ ਸਤਲੁਜ ਦਰਿਆ ਤੋਂ ਪਾਰ ਹੈ। ਜਿਸ ਕਾਰਨ ਰੋਜਾਨਾਂ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਆਉਣ-ਜਾਣ ਲਈ ਇਸ ਦਰਿਆ ਨੂੰ ਪਾਰ ਕਰਨਾ ਪੈਂਦਾ ਹੈ। ਬੀਤੇ ਦਿਨ ਜਦੋਂ ਉਸਦਾ ਪਤੀ ਆਪਣੇ ਖੇਤ ਵਿੱਚ ਕਿਸੇ ਕੰਮ ਲਈ ਜਾ ਰਿਹਾ ਸੀ, ਤਾਂ ਦਰਿਆ ਨੂੰ ਪਾਰ ਕਰਦੇ ਸਮੇਂ ਰਸਤੇ ਵਿੱਚ ਪਾਣੀ ਜਿਆਦਾ ਡੂੰਘਾ ਹੋਣ ਕਾਰਨ ਉਹ ਦਰਿਆ ਵਿੱਚ ਡੁੱਬ ਗਿਆ। ਜਿਸਤੋਂ ਬਾਅਦ ਜਦੋਂ ਨਾਲ ਹੀ ਕੁੱਝ ਹੀ ਦੂਰੀ ਤੇ ਆਪਣਾ ਕੰਮ ਕਰ ਰਹੇ ਕੁੱਝ ਵਿਅਕਤੀਆਂ ਨੂੰ ਇਸਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਪਾਣੀ ਵਿੱਚ ਉਸਦੀ ਤਾਲਾਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਘੰਟਿਆਂ ਤੱਕ ਤਾਲਾਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਸਦੀ ਲਾਸ਼ ਕੁੱਝ ਦੂਰੀ ਤੇ ਦਰਿਆ ਵਿੱਚ ਤੈਰਦੀ ਮਿਲੀ। ਮ੍ਰਿਤਕ ਆਪਣੀ ਥੋੜ੍ਹੀ ਜਿਹੀ ਜ਼ਮੀਨ ਹੋਣ ਕਾਰਨ ਮਿਹਨਤ ਮਜਦੂਰੀ ਕਰਕੇ ਆਪਣਾ ਅਤੇ ਆਪਣੇ ਪਰਵਾਰ ਦਾ ਗੁਜਾਰਾ ਕਰਦਾ ਸੀ, ਉਹ ਆਪਣੇ ਪਿੱਛੇ ਆਪਣੇ ਬੱਚਿਆਂ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਵਲੋਂ ਸਰਕਾਰ ਤੋਂ ਉਨ੍ਹਾਂ ਦੀ ਕੋਈ ਮਾਲੀ ਸਹਾਇਤਾ ਕਰਕੇ ਉਨ੍ਹਾਂ ਦੀ ਮਦਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਪਿੰਡਵਾਸੀਆਂ ਫੁੱਮਣ ਸਿੰਘ, ਜਰਨੈਲ ਸਿੰਘ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੂੰ ਅਕਸਰ ਆਪਣੇ ਖੇਤਾਂ ਨੂੰ ਆਉਣ-ਜਾਣ ਲਈ ਇਸ ਦਰਿਆ ਨੂੰ ਪਾਰ ਕਰਨਾ ਪੈਂਦਾ ਹੈ। ਜਿਸ ਕਾਰਨ ਦਰਿਆ ਨੂੰ ਪਾਰ ਕਰਦੇ ਸਮੇਂ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ। ਪਿੰਡਵਾਸੀਆਂ ਨੇ ਇੱਥੇ ਪੁੱਲ ਬਨਵਾਏ ਜਾਣ ਦੀ ਮੰਗ ਵੀ ਕੀਤੀ ਹੈ।