ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਇਹ ਸ਼ਾਇਦ ਸਰਕਾਰੀ ਸਰਪ੍ਰਸਤੀ ਵਾਲੇ ਅਹਿਲਕਾਰ ਵੱਲੋਂ ਥਾਪੜਾ ਪ੍ਰਾਪਤ ਇੱਕ ਭੂ ਮਾਫੀਆ ਗਰੋਹ ਦੀ ਕਥਿਤ ਗੁੰਡਾਗਰਦੀ ਦੀ ਵਜ੍ਹਾ ਹੀ ਹੈ ਕਿ ਤਲਵੰਡੀ ਸਾਬੋ ਵਿੱਚ ਇੱਕ ਸੱਤਰ ਸਾਲਾ ਦਲਿਤ ਔਰਤ ਨੂੰ ਨਾ ਸਿਰਫ ਉਸ ਦੇ ਦੋ ਮਰਲਿਆਂ ਦੇ ਇੱਕ ਪਲਾਟ ਵਿੱਚੋਂ ਧੱਕੇ ਨਾਲ ਬਾਹਰ ਕੱਢ ਕੇ ਮਕਾਨ ਉਸਾਰ ਦਿੱਤਾ ਗਿਆ ਹੈ ਸਗੋਂ ਪੀੜਤ ਮਹਿਲਾ ਦੀ ਬੇਨਤੀ ਉਪਰ ਅਦਾਲਤ ਵੱਲੋਂ ਦਿੱਤੇ ਸਟੇਟਸ ਕੋਅ ਦੇ ਹੁਕਮਾਂ ਦੀ ਕਾਪੀ ਜੋ ਝਗੜੇ ਵਾਲੀ ਜਗ੍ਹਾ ਪਰ ਚਿਪਕਾਈ ਗਈ ਸੀ ਨੂੰ ਉੱਥੋਂ ਲਾਹ ਕੇ ਪਰ੍ਹਾਂ ਵਗਾਹ ਮਾਰਨ ਤੱਕ ਵੀ ਪੁੱਜ ਗਏ ਹਨ । ਘਟਨਾ ਦਾ ਵਿਸਥਾਰ ਇਸ ਤਰ੍ਹਾਂ ਹੈ ਕਿ ਇੱਥੋਂ ਦੇ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਪੈਂਦਾ ਇੱਕ ਪਲਾਟ (2 ਮਰਲੇ ਜਗ੍ਹਾ) ਕਈ ਸਾਲ ਪਹਿਲਾਂ ਛਿੰਦਰ ਕੌਰ ਪਤਨੀ ਕੁਲਵੰਤ ਸਿੰਘ ਨੇ ਚੰਦ ਸਿੰਘ ਪੁੱਤਰ ਨਰੈਣ ਸਿੰਘ ਤੋਂ ਖਰੀਦਿਆ ਸੀ । ਪੀੜਤ ਮਹਿਲਾ ਦੇ ਦੋਸ਼ ਅਨੁਸਾਰ ਉਸ ਦੀ ਉਕਤ ਜਗ੍ਹਾ ਉੱਪਰ ਇੱਥੋਂ ਦੇ ਕੁਝ ਡਾਢੇ ਲੋਕਾਂ ਨੇ ਇਸ ਕਦਰ ਮੈਲੀ ਅੱਖ ਰੱਖ ਲਈ ਕਿ ਸਰਕਾਰੇ ਦਰਬਾਰੇ ਉਸ ਵੱਲੋਂ ਵਿਖਾਏ ਇਕਰਾਰਨਾਮੇ, ਰਜਿਸਟਰੀ ਅਤੇ ਉਸ ਦੀ ਮਲਕੀਅਤ ਵਾਲੇ ਅਧਿਕਾਰਤ ਦਸਤਾਵੇਜ਼ਾਂ ਦੇ ਹੁੰਦਿਆਂ ਵੀ ਉਸ ਨੂੰ ਸਾਇਦ ਇਸ ਲਈ ਉਕਤ ਜਗ੍ਹਾ ਚੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਸ ਦੀ ਕਿਤੇ ਵੀ ਪਹੁੰਚ ਨਹੀਂ ਸੀ। ਪਿਛਲੇ ਦਿਨੀਂ ਜਦੋਂ ਉਕਤ ਪੀੜਤ ਮਹਿਲਾ ਆਪਣੇ ਸਾਰੇ ਅਧਿਕਾਰਤ ਦਸਤਾਵੇਜ਼ਾਂ ਸਮੇਤ ਜ਼ਿਲ੍ਹਾ ਪੁਲਿਸ ਮੁਖੀ ਦੇ ਦਰਬਾਰ ਪੁੱਜੀ ਤਾਂ ਭਾਵੇਂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਉਸ ਦੀ ਦਰਖਾਸਤ ਉੱਪਰ ਤੁਰੰਤ ਕਾਰਵਾਈ ਕਰਨ ਲਈ ਡੀਐੱਸਪੀ ਅਤੇ ਸਥਾਨਕ ਪੁਲਿਸ ਨੂੰ ਲਿਖਿਆ ਗਿਆ ਸੀ ਪ੍ਰੰਤੂ ਜਿੱਥੇ ਅਦਾਲਤ ਦੇ ਇੱਕ ਮਾਨਯੋਗ ਜੱਜ ਵੱਲੋਂ ਦਿੱਤੇ ਹੁਕਮਾਂ ਦੀ ਕਾਪੀ ਨੂੰ ਝਗੜੇ ਵਾਲੀ ਥਾਂ ਤੋਂ ਪਾੜ ਕੇ ਕਈ ਦਿਨ ਅਤੇ ਰਾਤਾਂ ਨੂੰ ਵੀ ਉਸਾਰੀ ਕੀਤੀ ਜਾਂਦੀ ਰਹੀ ਸੀ ਉੱਥੇ ਜ਼ਿਲ੍ਹਾ ਪੁਲਿਸ ਮੁਖੀ ਦੇ ਕਾਰਵਾਈ ਕਰਨ ਦੇ ਹੁਕਮ ਵੀ ਕਾਗਜ਼ਾਂ ਵਿੱਚ ਹੀ ਸਿਮਟ ਕੇ ਰਹਿ ਗਏ । ਪੀੜਤ ਮਹਿਲਾ ਅਨੁਸਾਰ ਭਾਵੇਂ ਉਸ ਨੇ ਮਿਤੀ 9-8-19 ਨੂੰ ਅਦਾਲਤ ਦੇ ਹੁਕਮ ਦੀ ਕਾਪੀ ਸਮੇਤ ਆਪਣੇ ਵੱਲੋਂ ਇੱਕ ਉਹ ਅਰਜ਼ੀ ਪੁਲਿਸ ਨੂੰ ਰਸੀਵ ਕਰਵਾ ਦਿੱਤੀ ਸੀ ਜਿਸ ਵਿੱਚ ਅਦਾਲਤੀ ਹੁਕਮਾਂ ਅਨੁਸਾਰ ਉਕਤ ਪਲਾਟ ਵਿੱਚ ਉਸਾਰੀ ਰੋਕਣ ਦੀ ਪੁਲਿਸ ਨੂੰ ਬੇਨਤੀ ਕੀਤੀ ਗਈ ਸੀ ।ਮਹਿਲਾ ਦਾ ਦੋਸ਼ ਹੈ ਕਿ ਪੁਲਸ ਨੇ ਅਦਾਲਤੀ ਹੁਕਮਾਂ ਨੂੰ ਵੀ ਅੱਖੋਂ ਪਰੋਖੇ ਕਰਦਿਆਂ ਉੱਥੇ ਲੱਗਭੱਗ ਡੇਢ ਹਫ਼ਤਾ ਗੈਰਕਾਨੂੰਨੀ ਉਸਾਰੀ ਹੁੰਦੀ ਰਹਿਣ ਦੇ ਪਿੱਛੋਂ 20-0-8-19 ਨੂੰ ਇਕ ਰਿਪੋਰਟ ਦਰਜ ਕੀਤੀ ਹੈ ਜਿਸ ਦੇ ਬਾਵਜੂਦ ਵੀ ਉੱਥੇ ਉਸਾਰੀ ਕੀਤੀ ਜਾ ਰਹੀ ਹੈ ॥