ਆਗੂਆਂ ਨਾਲ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਸਿੱਧੂ ਨੇ ਚੀਨ ਬਾਰਡਰ ਤੇ ਸ਼ਹੀਦ ਹੋਏ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ।ਸ਼ਹੀਦ ਜਵਾਨਾਂ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਤੋਂ ਢੁਕਵੀਆਂ ਯਾਦਗਾਰਾਂ ਬਣਾਉਣ ਦੀ ਰੱਖੀ ਮੰਗ।
- ਪੰਜਾਬ
- 19 Jun,2020
ਤਲਵੰਡੀ ਸਾਬੋ, 19 ਜੂਨ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਾਰਟੀ ਆਗੂਆਂ ਨਾਲ ਆਪਣੀ ਰਿਹਾਇਸ਼ ਵਿਖੇ ਰੱਖੀ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ. ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਪਿਛਲੇ ਦਿਨੀ ਚੀਨ ਬਾਰਡਰ ਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਿੱਧੂ ਨੇ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਬੀਤੇ ਦਿਨ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਦੀ ਫੌਜ ਵੱਲੋਂ ਧੋਖੇ ਨਾਲ ਪੱਥਰਾਂ ਅਤੇ ਡੰਡਿਆਂ ਨਾਲ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਭਾਰਤ ਦੇ ੨੦ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ੪ ਪੰਜਾਬੀ ਜਵਾਨਾਂ ਵੱਲੋਂ ਕੀਤੀ ਕੁਰਬਾਨੀ ਨੂੰ ਵੀ ਭੁਲਾਇਆ ਨਹੀ ਜਾਣਾ ਚਾਹੀਦਾ। ਉਨਾਂ ਕਿਹਾ ਕਿ ਭਾਂਵੇ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਅਤੇ ਨੌਕਰੀਆਂ ਦਾ ਐਲਾਨ ਕੀਤਾ ਹੈ ਪਰ ਨਾਲ ਹੀ ਸਰਕਾਰ ਸ਼ਹੀਦ ਜਵਾਨਾਂ ਦੇ ਪਿੰਡਾਂ ਵਿੱਚ ਉਨਾਂ ਦੇ ਨਾਂ ਤੇ ਢੁਕਵੀਆਂ ਯਾਦਗਾਰਾਂ ਜਰੂਰ ਬਣਾਵੇ ਤਾਂ ਕਿ ਉਨਾਂ ਤੋਂ ਸੇਧ ਲੈ ਕੇ ਹੋਰ ਨੌਜਵਾਨ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਹੋ ਸਕਣ ਤੇ ਹਮੇਸ਼ਾਂ ਇਨਾਂ ਸ਼ਹੀਦਾਂ ਨੂੰ ਯਾਦ ਵੀ ਕੀਤਾ ਜਾ ਸਕੇ। ਸਿੱਧੂ ਨੇ ਕਿਹਾ ਕਿ ਜਦੋਂ ਵੀ ਭਾਰਤ ਵੱਲ ਦੁਸ਼ਮਨ ਨੇ ਗਲਤ ਨਜ਼ਰ ਉਠਾਉਣ ਦੀ ਕੋਸ਼ਿਸ ਕੀਤੀ ਹੈ ਤਾਂ ਸਿੱਖ ਫੌਜੀਆਂ ਨੇ ਹਮੇਸ਼ਾਂ ਅੱਗੇ ਹੋ ਕੇ ਬਲਿਦਾਨ ਦਿੱਤਾ ਹੈ ਅਤੇ ਲੱਦਾਖ ਘਟਨਾ ਨੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਸਿੱਖ ਫੌਜੀ ਮੁਲਕ ਦੀ ਆਨ ਬਾਨ ਅਤੇ ਸ਼ਾਨ ਲਈ ਕੁਰਬਾਨੀ ਤੋਂ ਪਿੱਛੇ ਨਹੀ ਹਟਣਗੇ। ਇਸ ਮੌਕੇ ਸਾਬਕਾ ਵਿਧਾਇਕ ਨੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਸਰਕਲ ਪ੍ਰਧਾਨਾਂ ਨਾਲ ਹਲਕੇ ਦੇ ਵੱਖ-ਵੱਖ ਮਸਲਿਆਂ ਸਬੰਧੀ ਵੀਚਾਰ ਵਟਾਂਦਰਾ ਵੀ ਕੀਤਾ।