ਧੂਰੀ, 8 ਜਨਵਰੀ (ਮਹੇਸ਼ ਜਿੰਦਲ)- ਥਾਣਾ ਸਦਰ ਧੂਰੀ ਦੀ ਪੁਲਸ ਵੱਲੋਂ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕਸ ਸੈੱਲ ਸੰਗਰੂਰ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੂੰ ਗਸ਼ਤ ਦੌਰਾਨ ਅਨਾਜ ਮੰਡੀ ਢਢੋਗਲ ਨੇੜੇ ਇਤਲਾਹ ਮਿਲੀ ਕਿ ਗੁਰਮੀਤ ਸਿੰਘ ਉਰਫ਼ ਭੋਲਾ ਵਾਸੀ ਢਢੋਗਲ ਨਸ਼ੀਲੀਆਂ ਗੋਲੀਆਂ ਖਾਣ ਦਾ ਆਦੀ ਹੈ ਅਤੇ ਉਹ ਧੂਰੀ ਸ਼ਹਿਰ ’ਚ ਸਥਿਤ ਇੱਕ ਮੈਡੀਕਲ ਸਟੋਰ ਤੋਂ ਗੋਲੀਆਂ ਖਾਣ ਲਈ ਲੈ ਕੇ ਆ ਰਿਹਾ ਹੈ ਅਤੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸਦਰ ਪੁਲਸ ਧੂਰੀ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਉਕਤ ਵਿਅਕਤੀ ਨੂੰ 13 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ ਗਿਆ। ਪੁਲਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਗਏ ਗੁਰਮੀਤ ਸਿੰਘ ਉਰਫ਼ ਭੋਲਾ ਨੂੰ ਨਸ਼ਾ ਵਿਰੋਧੀ ਕਾਨੂੰਨ ਤਹਿਤ ਨਾਮਜ਼ਦ ਕਰ ਕੇ ਮੈਡੀਕਲ ਸਟੋਰ ਦੇ ਨਾਮਾਲੂਮ ਮਾਲਕ ਦੇ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ। ਜਦੋਂ ਇਸ ਸੰਬੰਧੀ ਤਫ਼ਤੀਸ਼ੀ ਪੁਲਸ ਅਧਿਕਾਰੀ ਏ.ਐੱਸ.ਆਈ ਮਲਕੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਭਾਵੇਂ ਮਾਮਲੇ ਦੀ ਪੁਸ਼ਟੀ ਕੀਤੀ ਪ੍ਰੰਤੂ ਕਿਹਾ ਕਿ ਉਕਤ ਮੈਡੀਕਲ ਸਟੋਰ ਦੀ ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿਚ ਲਈ ਗਈ ਤਲਾਸ਼ੀ ਦੌਰਾਨ ਕਿਸੇ ਤਰਾਂ ਦੀ ਨਸ਼ੀਲੀ ਵਸਤੂ ਬਰਾਮਦ ਨਹੀਂ ਹੋਈ। ਜਦੋਂ ਡਰੱਗ ਇੰਸਪੈਕਟਰ ਸੁਧਾ ਬਹਿਲ ਤੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਜਦੋਂ ਦੁਕਾਨ ’ਚੋਂ ਕੋਈ ਪਾਬੰਦੀ ਸ਼ੁਦਾ ਦਵਾਈ ਬਰਾਮਦ ਹੀ ਨਹੀਂ ਹੋਈ ਤਾਂ ਸਿਹਤ ਵਿਭਾਗ ਦੀ ਕੋਈ ਕਾਰਵਾਈ ਹੀ ਨਹੀਂ ਬਣਦੀ।