ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ
- ਪੰਜਾਬ
- 09 Feb,2020
ਧੂਰੀ,8 ਫਰਵਰੀ (ਮਹੇਸ਼ ਜਿੰਦਲ) ਲੰਘੇ ਦਿਨ ਪਾਵਰਕਾਮ ਦੀ ਸ਼ੇਰਪੁਰ-2 ਸਬ ਡਵੀਜ਼ਨ ਦੇ ਪਿੰਡ ਮਾਹਮਦਪੁਰ ਵਿਖੇ ਬਿਜਲੀ ਲਾਇਨ ’ਤੇ ਕੰਮ ਕਰਦੇ ਸਮੇਂ ਪਾਵਰਕਾਮ ਦੇ ਇੱਕ ਮੁਲਾਜ਼ਮ ਦੀ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਾਵਰਕਾਮ ਸ਼ੇਰਪੁਰ-2 ਵਿਖੇ ਸਹਾਇਕ ਲਾਈਨਮੈਨ ਵਜੋਂ ਤਾਇਨਾਤ ਨੇੜਲੇ ਪਿੰਡ ਭਸੌੜ ਦਾ ਵਸਨੀਕ ਬਲਵਿੰਦਰ ਕੁਮਾਰ (36) ਪੁੱਤਰ ਰਾਜ ਕੁਮਾਰ ਡਿਊਟੀ ਦੌਰਾਨ ਪਿੰਡ ਮਾਹਮਦਪੁਰ ਵਿਖੇ ਬਾਅਦ ਦੁਪਹਿਰ ਬਿਜਲੀ ਲਾਇਨ ’ਤੇ ਜੈਂਪਰ ਲਗਾਉਣ ਦਾ ਕੰਮ ਕਰਦੇ ਸਮੇਂ ਅਚਾਨਕ ਜ਼ਬਰਦਸਤ ਕਰੰਟ ਲੱਗਣ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਸੂਤਰਾਂ ਅਨੁਸਾਰ ਘਟਨਾ ਸਮੇਂ ਉਸ ਦਾ ਸਹਾਇਕ ਲਾਈਨਮੈਨ ਸਾਥੀ ਵੀ ਉਸ ਵੇਲੇ ਲਾਇਨ ਹੇਠਾਂ ਮੌਜੂਦ ਸੀ। ਲਾਇਨ ’ਚ ਕਰੰਟ ਕਿਵੇਂ ਆਇਆ? ਕੀ ਕੰਮ ਕਰਦੇ ਸਮੇਂ ਪਰਮਿਟ ਲਿਆ ਗਿਆ ਸੀ? ਅਜਿਹੀਆਂ ਗੱਲਾਂ ਬਾਰੇ ਅਜੇ ਤੱਕ ਕੁੱਝ ਸਪਸ਼ਟ ਨਹੀਂ ਹੋ ਸਕਿਆ। ਸੰਪਰਕ ਕੀਤੇ ਜਾਣ ’ਤੇ ਪਾਵਰਕਾਮ ਮੰਡਲ ਧੂਰੀ ਦੇ ਕਾਰਜਕਾਰੀ ਇੰਜੀਨੀਅਰ ਮਨੋਜ ਗਰਗ ਨੇ ਕਿਹਾ ਕਿ ਹਾਲ ਦੀ ਘੜੀ ਘਟਨਾ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਅਤੇ ਚੀਫ਼ ਇਲੈਕਟ੍ਰੀਕਲ ਇੰਸਪੈਕਟਰ ਪਟਿਆਲਾ ਘਟਨਾ ਬਾਰੇ ਪੜਤਾਲ ਕਰਨਗੇ ਅਤੇ ਉਸ ਤੋਂ ਬਾਅਦ ਹੀ ਬਣਦੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।