ਨਵਾਂਸ਼ਹਿਰ, 16 ਅਕਤੂਬਰ(ਗੌਰਵ ਸ਼ਰਮਾ)- ਦੇਸ਼ ਵਿਆਪੀ ਜਥੇਬੰਦੀ ਇਫਟੂ ਨਾਲ ਸਬੰਧਤ ਪਰਵਾਸੀ ਮਜਦੂਰਾਂ ਦੀਆਂ ਜਥੇਬੰਦੀਆਂ ਰੇਹੜੀ ਵਰਕਰਜ਼ ਯੂਨੀਅਨ, ਪਰਵਾਸੀ ਮਜਦੂਰ ਯੂਨੀਅਨ ਅਤੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਨੇ 19 ਅਕਤੂਬਰ ਦਿਨ ਵੀਰਵਾਰ ਨੂੰ ਥਾਣਾ ਨਵਾਂਸ਼ਹਿਰ(ਸਿਟੀ) ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਬੀਤੀ ਸ਼ਾਮ ਨਵਾਂਸ਼ਹਿਰ ਵਿਖੇ ਪਰਵਾਸੀ ਮਜਦੂਰਾਂ ਦੀ ਹੋਈ ਭਰਵੀਂ ਮੀਟਿੰਗ ਵਿਚ ਲਿਆ ਗਿਆ।ਮਾਮਲਾ 30 ਸਤੰਬਰ 2023 ਸ਼ਾਮ 7:30 ਵਜੇ ਦੇ ਕਰੀਬ ਦਾ ਹੈ। ਜਦੋਂ ਸਤਿੰਦਰ ਕੁਮਾਰ ਉਰਫ ਰਾਜੂ ਪ੍ਰਵਾਸੀ ਮਜਦੂਰ ਦੇ ਘਰ ਇਕ ਲੁਟੇਰਾ ਜਬਰੀ ਦਾਖਲ ਹੁੰਦਾ ਹੈ।ਰਾਜੂ ਦੀ ਪਤਨੀ ਮਮਤਾ ਨਾਲ ਬਦਤਮੀਜ਼ੀ ਕਰਦਾ ਹੈ ਅਤੇ ਘਰ ਦੀ ਅਲਮਾਰੀ ਵਿਚੋਂ ਜਬਰਦਸਤੀ 24 ਹਜਾਰ ਰੁਪਏ ਨਕਦੀ ਕੱਢ ਕੇ ਲੈ ਜਾਂਦਾ ਹੈ ਪਰ ਪੁਲਸ ਨੇ ਅੱਜ ਘਟਨਾ ਦੇ 16 ਦਿਨ ਬਾਅਦ ਵੀ ਕਥਿਤ ਦੋਸ਼ੀ ਉੱਤੇ ਬਣਦੀ ਕਾਰਵਾਈ ਨਹੀਂ ਕੀਤੀ। ਸਗੋਂ ਪੀੜਤ ਪਰਿਵਾਰ ਨੂੰ ਪੁਲਸ ਵਾਰ ਵਾਰ ਥਾਣੇ ਬੁਲਾਉਂਦੀ ਰਹੀ।ਯੂਨੀਅਨਾਂ ਦੇ ਆਗੂਆਂ ਪਰਵੀਨ ਕੁਮਾਰ ਨਿਰਾਲਾ, ਹਰੇ ਰਾਮ , ਸ਼ਿਵ ਨੰਦਨ ਅਤੇ ਪੀੜਤਾ ਦੇ ਪਤੀ ਸਤਿੰਦਰ ਕੁਮਾਰ ਉਰਫ ਰਾਜੂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਵਾਸੀ ਮਜਦੂਰ ਔਰਤ ਮਮਤਾ ਨਾਲ ਬਦਤਮੀਜ਼ੀ ਕਰਨ ਵਾਲਾ ਕਥਿਤ ਦੋਸ਼ੀ ਨਿੱਕਾ ਵਾਸੀ ਮਹਾਲੋਂ ਕਾਲੋਨੀ, ਬੰਗਾ ਰੋਡ ਨਵਾਂਸ਼ਹਿਰ ,ਉਹਨਾਂ ਦੇ ਘਰ ਉਸ ਵੇਲੇ ਜਬਰੀ ਦਾਖਲ ਹੋਇਆ ਜਦੋਂ ਮਮਤਾ ਘਰ ਵਿਚ ਇਕੱਲੀ ਸੀ।ਉਸਨੇ ਮਮਤਾ ਨਾਲ ਬਦਤਮੀਜ਼ੀ ਕੀਤੀ, ਉਸਨੂੰ ਡਰਾਇਆ ਧਮਕਾਇਆ ਅਤੇ ਉਹਨਾਂ ਦੀ ਅਲਮਾਰੀ ਵਿਚੋਂ 24 ਹਜਾਰ ਰੁਪਏ ਕੱਢ ਲਏ।ਇਸ ਘਟਨਾ ਬਾਰੇ ਕਿਸੇ ਕੋਲ ਗੱਲ ਕਰਨ ਉੱਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇਕੇ ਨਿੱਕਾ ਨਾਂਅ ਦਾ ਇਹ ਵਿਅਕਤੀ ਉੱਥੋਂ ਚਲਦਾ ਬਣਿਆ। ਇਹ ਲੁੱਟ ਦੀ ਕਾਰਵਾਈ ਬਣਦੀ ਹੈ।ਰਾਜੂ ਨੇ ਘਟਨਾ ਬਾਰੇ ਪੁਲਸ ਦੇ 112 ਨੰਬਰ ਉੱਤੇ ਫੋਨ ਕਰਕੇ ਪੁਲਸ ਨੂੰ ਇਸ ਲੁੱਟ ਦੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਰਾਜੂ ਆਪ ਰਾਤ 9 : 30 ਵਜੇ ਦੇ ਕਰੀਬ ਰਾਜੂ ਨੇ ਥਾਣੇ ਪਹੁੰਚ ਕੇ ਇਸ ਸਬੰਧੀ ਲਿਖਤੀ ਰਿਪੋਰਟ ਪੁਲਸ ਨੂੰ ਦੇਕੇ ਗਿਆ। ਘਟਨਾ ਦੇ ਤੀਜੇ ਦਿਨ ਐਸ.ਐਚ.ਓ ਥਾਣਾ ਮੁਖੀ ਨੂੰ ਮਿਲਣ ਤੋਂ ਬਾਅਦ ਪੁਲਸ ਨੇ ਰਾਜੂ ਦੇ ਘਰ ਆਕੇ ਰਾਜੂ ਅਤੇ ਉਸਦੀ ਪਤਨੀ ਮਮਤਾ ਦੇ ਬਿਆਨ ਲਏ।ਪੁਲਸ ਨੇ ਘਰ ਵਿਚ ਲੱਗੇ ਸੀਸੀ ਟੀਵੀ ਕੈਮਰੇ ਦੀਆਂ ਫੁਟੇਜ ਵੀ ਦੇਖੀਆਂ ਜਿਸ ਵਿਚ ਕਥਿਤ ਦੋਸ਼ੀ ਘਰ ਦੇ ਅੰਦਰ ਵੜਕੇ ਮਮਤਾ ਨਾਲ ਬਦਤਮੀਜ਼ੀ ਕਰਦਾ ਹੈ। ਘਰ ਦੇ ਬੈੱਡਰੂਮ ਵਿਚ ਸੀਸੀਟੀਵੀ ਕੈਮਰਾ ਨਹੀਂ ਹੈ ਜਿੱਥੇ ਅਲਮਾਰੀ ਪਈ ਹੈ। ਸੀਸੀ ਟੀਵੀ ਦੀ ਫੁਟੇਜ ਵਿਚ ਕਥਿਤ ਦੋਸ਼ੀ ਨਿੱਕਾ ਸਾਫ ਪਛਾਣ ਹੁੰਦਾ ਹੈ। ਐਸ.ਐਚ.ਓ ਦਾ ਇਹ ਕਹਿਣਾ ਕਿ ਮਮਤਾ ਸ਼ਾਮਲ ਤਫਤੀਸ਼ ਨਹੀਂ ਹੋ ਰਹੀ ਸਰਾਸਰ ਝੂਠ ਹੈ ਜਦਕਿ ਏ ਐਸ ਆਈ ਸੁਰਿੰਦਰ ਕੁਮਾਰ ,ਐਸ ਐਚ ਓ ਨਰੇਸ਼ ਕੁਮਾਰੀ ਅਤੇ ਡੀ ਐਸ ਪੀ ਮਾਧਵੀ ਸ਼ਰਮਾ ਪੀੜਤ ਮਮਤਾ ਦੇ ਬਿਆਨ ਲੈ ਚੁੱਕੇ ਹਨ। ਕਥਿਤ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਬੀਤੇ ਦਿਨੀ ਜਨਤਕ ਜਥੇਬੰਦੀਆਂ ਦਾ ਇਕ ਵਫਦ ਐਸ ਐਸ ਪੀ ਨੂੰ ਵੀ ਮਿਲ ਚੁੱਕਾ ਹੈ ਪਰ ਅੱਜ ਤੱਕ ਕਿਤੋਂ ਵੀ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਮਮਤਾ ਨਾਂਅ ਦੀ ਇਹ ਔਰਤ ਮਾਨਸਿਕ ਬਿਮਾਰ ਹੈ।ਧਵਨ ਹਸਪਤਾਲ ਨਵਾਂਸ਼ਹਿਰ ਵਿਖੇ ਮਮਤਾ ਦਾ ਦਿਮਾਗੀ ਇਲਾਜ ਚੱਲ ਰਿਹਾ ਹੈ ਪਰ ਪੁਲਸ ਨੇ ਕਥਿਤ ਦੋਸ਼ੀ ਵਿਰੁੱਧ ਸਿਰਫ 107/151 ਦੀ ਕਾਰਵਾਈ ਕਰਕੇ ਆਪਣਾ ਪੱਲਾ ਝਾੜ ਲਿਆ।ਆਗੂਆਂ ਨੇ ਪੁਲਸ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਕ ਮਾਨਸਿਕ ਬਿਮਾਰ ਔਰਤ ਨਾਲ ਬਦਤਮੀਜ਼ੀ ਕਰਨ ਅਤੇ ਉਸਦੇ ਘਰੋਂ 24 ਹਜਾਰ ਰੁਪਏ ਲੁੱਟਣ ਉੱਤੇ ਦੋਸ਼ੀ ਵਿਰੁੱਧ ਕਿਹੜੀਆਂ ਅਪਰਾਧਿਕ ਧਰਾਵਾਂ ਲੱਗਦੀਆਂ ਹਨ ਜਾਂ ਫਿਰ ਉਹ ਜਾਣਬੁੱਝ ਕੇ ਕਥਿਤ ਦੋਸ਼ੀ ਨੂੰ ਬਚਾਅ ਰਹੇ ਹਨ।ਉਹਨਾਂ ਕਿਹਾ ਕਿ ਮਮਤਾ ਨੇ ਜੋ ਬਿਆਨ ਪੁਲਸ ਨੂੰ ਦਿੱਤੇ ਹਨ ਕਾਨੂੰਨ ਅਨੁਸਾਰ ਪੁਲਸ ਦਾ ਫਰਜ ਬਣਦਾ ਹੈ ਕਿ ਮਮਤਾ ਦੇ ਇਹਨਾਂ ਬਿਆਨਾਂ ਦੇ ਅਧਾਰ ਤੇ ਕਥਿਤ ਦੋਸ਼ੀ ਵਿਰੁੱਧ ਐਫ.ਆਈ.ਆਰ ਦਰਜ ਕੀਤੀ ਜਾਵੇ। ਸੁਪਰੀਮ ਕੋਰਟ ਦੀ ਰੂਲਿੰਗ ਵੀ ਇਹੀ ਕਹਿੰਦੀ ਹੈ ਪਰ ਕਿਸੇ ਨੂੰ ਦੋਸ਼ੀ ਠਹਿਰਾਉਣਾ ਜਾਂ ਬਰੀ ਕਰਨਾ ਅਦਾਲਤ ਦਾ ਕੰਮ ਹੈ ਨਾ ਕਿ ਪੁਲਸ ਦਾ। ਆਗੂਆਂ ਨੇ ਕਿਹਾ ਕਿ ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ 19 ਅਕਤੂਬਰ ਨੂੰ ਥਾਣਾ ਸਿਟੀ ਨਵਾਂਸ਼ਹਿਰ ਅੱਗੇ ਹਰ ਹਾਲਤ ਵਿਚ ਧਰਨਾ ਦਿੱਤਾ ਜਾਵੇਗਾ।ਧਰਨੇ ਤੋਂ ਪਹਿਲਾਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਇਕੱਠ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਧਰਨੇ ਦੀ ਤਿਆਰੀ ਜੋਰਾਂ ਉੱਤੇ ਚੱਲ ਰਹੀ ਹੈ। ਉਹਨਾਂ ਭਰਾਤਰੀ ਜਥੇਬੰਦੀਆਂ ਨੂੰ ਵੀ ਸਾਥ ਦੇਣ ਦੀ ਬੇਨਤੀ ਕੀਤੀ ਹੈ।