-
ਪੰਥਕ ਮਸਲੇ ਅਤੇ ਖ਼ਬਰਾਂ
-
Sat Nov,2020
ਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਟੇਟ ਵਿੱਚ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ੨੦੧੪ ਵਿੱਚ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਚ ਬਕਾਇਦਾ ਬਿੱਲ ਪਾਸ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ ਜੋ ੨੦੧੪ ਤੋਂ ਬਕਾਇਦਾ ਗੁਰੂਘਰਾਂ ਦਾ ਪ੍ਰਬੰਧ ਕਰਦੀ ਆ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਹੋਇਆ ਜਿਸ ਤੇ ਸਟੇਟਸ ਕੋਲ ਚੱਲ ਰਿਹਾ ਹੈ। ਪਹਿਲਾਂ ਹਰਿਆਣਾ ਕਮੇਟੀ ਨੂੰ ਮਾਨਤਾ ਅਤੇ ਹੁਣ ਰੱਦ ਕਰਨ ਦਾ ਮਤਾ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਦੋਗਲੀ ਚਾਲ ਚੱਲੀ ਜੋ ਕਿ ਅਤਿ ਨਿੰਦਣਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਉਨ੍ਹਾਂ ਕਿਹਾ ਕਿ ਜਿਸ ਵੇਲੇ ੧੩ ਅਗਸਤ ੨੦੨੦ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਦੀ ਨਵੇਂ ਪ੍ਰਧਾਨ ਵਾਸਤੇ ਇਲੈਕਸ਼ਨ ਹੋਈ ਸੀ ਤਾਂ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਮੈਂਬਰਾਂ ਨੇ ਆ ਕੇ ਹਰਿਆਣਾ ਕਮੇਟੀ ਹਾਊਸ ਵਿਚ ਪ੍ਰਧਾਨਗੀ ਵਾਸਤੇ ਵੋਟਿੰਗ ਕੀਤੀ ਸੀ। ਜਿਸ ਨਾਲ ਸ਼੍ਰੋਮਣੀ ਕਮੇਟੀ ਵਲੋਂ ਹਰਿਆਣਾ ਕਮੇਟੀ ਦੀ ਹੋਂਦ ਨੂੰ ਮਾਨਤਾ ਦਿੱਤੀ ਗਈ ਪਰ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੂੰ ਮੂੰਹ ਦੀ ਖਾਣੀ ਪਈ ਕਿਉਂਕਿ ਉਨਾਂ ਦੇ ਭੇਜੇ ੩ ਮੈਂਬਰਾਂ ਹਰਪਾਲ ਸਿੰਘ ਪਾਲੀ ਅੰਬਾਲਾ, ਗੁਰਮੀਤ ਸਿੰਘ ਤਿਲੋਕੇਵਾਲਾ ਅਤੇ ਅਮਰੀਕ ਸਿੰਘ ਜਨੇਤਪੁਰ ਨੇ ਬਾਦਲਾਂ ਦੇ ਤੇ ਕਹੇ ਜਥੇਦਾਰ ਦਾਦੂਵਾਲ ਦੇ ਖਿਲਾਫ਼ ਵੋਟ ਪਾਈ ਪਰ ਫੇਰ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਬਾਦਲਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਜਿੱਤ ਜਥੇਦਾਰ ਦਾਦੂਵਾਲ ਦੀ ਹੋਈ। ਹੁਣ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੱਦ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਮਤਾ ਪਾਕੇ ਅਪੀਲ ਕੀਤੀ ਹੈ ਜਿਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕ ਬਾਦਲ ਦਲ ਦਾ ਦੋਗਲਾ ਚੇਹਰਾ ਪੰਥ ਦੇ ਸਾਹਮਣੇ ਇੱਕ ਵਾਰ ਫੇਰ ਨੰਗਾ ਹੋਇਆ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਬੰਧਕ ਬਾਦਲਾਂ ਨੂੰ ਇਕ ਪਾਸੇ ਖੜ੍ਹ ਜਾਣਾ ਚਾਹੀਦਾ ਹੈ ਜਾਂ ਤਾਂ ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਤੇ ਜਾਂ ਹਰਿਆਣਾ ਕਮੇਟੀ ਤੋਂ ਪਾਸਾ ਵੱਟ ਲੈਣ। ਜੇਕਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਨਹੀਂ ਦਿੰਦੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਉਨ੍ਹਾਂ ੩ ਮੈਂਬਰਾਂ ਨੂੰ ਬਰਖਾਸਤ ਕਰੇ ਜਿਨ੍ਹਾਂ ਨੇ ੧੩ ਅਗਸਤ ੨੦੨੦ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਵਿੱਚ ਆ ਕੇ ਵੋਟਿੰਗ ਕੀਤੀ ਸੀ। ਜਿਨ੍ਹਾਂ ਨੂੰ ਅਸੀਂ ਬਕਾਇਦਾ ਅੰਤ੍ਰਿੰਗ ਕਮੇਟੀ ਵਿਚ ਪਾਸ ਕਰ ਕੇ ਨੋਟਿਸ ਜਾਰੀ ਕੀਤਾ ਹੈ ਕਿ ਉਹ ਸਪੱਸ਼ਟ ਕਰਨ ਕਿ ਉਨਾਂ ਸ਼੍ਰੋਮਣੀ ਕਮੇਟੀ ਜਾਂ ਹਰਿਆਣਾ ਕਮੇਟੀ ਹਾਊਸ ਵਿੱਚ ਕੰਮ ਕਰਨਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਚ ਬਿੱਲ ਪਾਸ ਕਰਕੇ ਬਣਾਈ ਹੈ ਅਤੇ ਉਹ ਆਪਣਾ ਕੰਮ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਬੰਧਕ ਬਾਦਲਾਂ ਵਲੋਂ ਤਾਜ਼ਾ ਪਾਏ ਮਤੇ ਨਾਲ ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲ ਦਲ ਦਾ ਦੋਗਲਾ ਚਿਹਰਾ ਇੱਕ ਵਾਰ ਫੇਰ ਨੰਗਾ ਹੋ ਗਿਆ ਹੈ।