ਕੋਰੋਨਾ ਮਰੀਜਾਂ ਚ ਵਾਧੇ ਨੂੰ ਦੇਖਦਿਆਂ ਰਿਫਾਇੰਨਰੀ ਨੂੰ ਤੁਰੰਤ ਬੰਦ ਕਰੇ ਸਰਕਾਰ- ਸਾਬਕਾ ਵਿਧਾਇਕ ਸਿੱਧੂ।

ਤਲਵੰਡੀ ਸਾਬੋ, ੨੬ ਜੁਲਾਈ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ ਵਿਖੇ ਸਥਿਤ ਦੇਸ਼ ਦੇ ਸਭ ਤੋਂ ਵੱੱਡੇ ਤੇਲ ਸੋਧਕ ਕਾਰਖਾਨਿਆਂ ਵਿੱਚੋਂ ਇੱਕ ਗੁਰੂ ਗੋਬਿੰਦ ਸਿੰਘ ਰਿਫਾਇੰਨਰੀ ਵਿੱਚ ਕੰਮ ਦੀ ਭਾਲ ਵਿੱਚ ਆ ਰਹੇ ਮਜ਼ਦੂਰਾਂ ਦੇ ਲਗਾਤਾਰ ਕੋਰੋਨਾ ਪਾਜ਼ਿਟਿਵ ਨਿਕਲਣ ਨਾਲ ਜਿੱਥੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਸਰਕਾਰ ਤੋਂ ਤੁਰੰਤ ਰਿਫਾਇੰਨਰੀ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਾਬਕਾ ਵਿਧਾਇਕ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਇੰਨਰੀ ਨਾ ਕੇਵਲ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਸਗੋਂ ਸਮੁੱਚੇ ਜਿਲ੍ਹੇ ਬਠਿੰਡੇ ਦਾ ਕੋਰੋਨਾ ਹਾਟਸਪਾਟ ਕੇਂਦਰ ਬਣ ਕੇ ਉੱਭਰੀ ਹੈ। ਨਿੱਤ ਦਿਨ ਰਿਫਾਇੰਨਰੀ ਨਾਲ ਸਬੰਧਿਤ ਅੱਧਾ ਸੈਂਕੜਾ ਦੇ ਲੱਗਭਗ ਮਜ਼ਦੂਰਾਂ ਦਾ ਕੋਰੋਨਾ ਪਾਜਿਟਿਵ ਮਿਲਣਾ ਜਿਲ੍ਹੇ ਅਤੇ ਹਲਕੇ ਦੇ ਲੋਕਾਂ ਲਈ ਖਤਰਨਾਕ ਹੈ ਕਿਉਂਕਿ ਲਾਗ ਦੀ ਬਿਮਾਰੀ ਹੋਣ ਕਾਰਨ ਕੋਰੋਨਾ ਫੈਲਣ ਦਾ ਖਤਰਾ ਉਕਤ ਮਜ਼ਦੂਰਾਂ ਤੋਂ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਹਲਕੇ ਦੀ ਵਪਾਰਕ ਮੰਡੀ ਰਾਮਾਂ ਮੰਡੀ ਦੀਆਂ ਕਈ ਕਾਲੋਨੀਆਂ ਵਿੱਚ ਉਕਤ ਮਜ਼ਦੂਰ ਆ ਕੇ ਰਹਿੰਦੇ ਹਨ ਅਤੇ ਜਦੋਂ ਉਹ ਕੋਰੋਨਾ ਪਾਜਿਟਿਵ ਨਿਕਲ ਆਉਂਦੇ ਹਨ ਤਾਂ ਸਰਕਾਰ ਉਕਤ ਕਾਲੋਨੀਆਂ ਵਿੱਚ ਸੈਨੀਟਾਇਜ਼ਰ ਆਦਿ ਦਾ ਕੋਈ ਪ੍ਰਬੰਧ ਨਹੀ ਕਰਦੀ ਜਿਸ ਨਾਲ ਬਿਮਾਰੀ ਫੇਲਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਸਾਬਕਾ ਵਿਧਾਇਕ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿਸ ਮਿਸ਼ਨ ਫਤਹਿ ਦਾ ਉਹ ਪ੍ਰਚਾਰ ਕਰ ਰਹੇ ਹਨ ਉਹ ਮਿਸ਼ਨ ਫੇਲ੍ਹ ਹੋ ਚੁੱਕਾ ਹੈ ਅਤੇ ਜੇ ਉਹ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵੱਲ ਵਧੇਰੇ ਧਿਆਨ ਦੇਣਗੇ ਤਾਂ ਹੀ ਮਿਸ਼ਨ ਫਤਹਿ ਹੋ ਸਕੇਗਾ। ਉਨਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਹਾਲਾਤ ਆਮ ਵਰਗੇ ਨਹੀ ਹੋ ਜਾਂਦੇ ਤੁਰੰਤ ਗੁਰੂ ਗੋਬਿੰਦ ਸਿੰਘ ਰਿਫਾਇੰਨਰੀ ਨੂੰ ਬੰਦ ਕੀਤਾ ਜਾਵੇ ਤਾਂ ਕਿ ਹਲਕੇ ਅਤੇ ਜਿਲ੍ਹੇ ਦੇ ਲੋਕਾਂ ਤੱਕ ਕੋਰੋਨਾ ਨੂੰ ਪੁੱਜਣ ਤੋਂ ਰੋਕ ਸਕੀਏ।