ਸ਼੍ਰੋਮਣੀ ਕਮੇਟੀ ਨੇ ਟਕਰਾਅ ਤੋਂ ਬਚਣ ਲਈ ਸੰਖੇਪ ਰੱਖਿਆ ਸੇਵਾ ਸੰਭਾਲ ਸਮਾਗਮ

ਅੰਮ੍ਰਿਤਸਰ, 11 ਮਾਰਚ –

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੀ ਸੇਵਾ ਸੰਭਾਲ ਨੂੰ ਲੈ ਕੇ ਚੱਲ ਰਹੇ ਗੁੰਮਰਾਹਕੁੰਨ ਪ੍ਰਚਾਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪੱਖ ਰੱਖਿਆ ਹੈ। ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਮੌਜੂਦਾ ਪੰਥਕ ਹਾਲਾਤਾਂ ਨੂੰ ਵੇਖਦੇ ਹੋਏ, ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਲਈ ਇਹ ਸਮਾਗਮ ਸੰਖੇਪ ਰੂਪ ਵਿੱਚ ਕੀਤਾ ਗਿਆ।


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਇਹ ਕਦੇ ਵੀ ਨਹੀਂ ਚਾਹੁੰਦੀ ਕਿ ਸਿੱਖ ਕੌਮ ਵਿਚ ਕੋਈ ਵਿਵਾਦ ਪੈਦਾ ਹੋਵੇ। ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਸੇਵਾ ਸੰਭਾਲ ਸਮਾਗਮ ਹੋਣਾ ਨਿਧਾਰਤ ਸੀ, ਪਰ ਕੁਝ ਨਿਹੰਗ ਜਥੇਬੰਦੀਆਂ ਦੇ ਵਿਰੋਧ ਅਤੇ ਪ੍ਰਸ਼ਾਸਨ ਵੱਲੋਂ ਮਿਲ ਰਹੀਆਂ ਤਣਾਅ ਪੈਦਾ ਹੋਣ ਦੀਆਂ ਰਿਪੋਰਟਾਂ ਦੇ ਚਲਦੇ, ਇਹ ਸਮਾਗਮ ਸੀਮਿਤ ਰਿਹਾ।


ਸ. ਪ੍ਰਤਾਪ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ, ਜਿੱਥੇ ਮੁੱਖ ਗ੍ਰੰਥੀ ਵੱਲੋਂ ਅਰਦਾਸ ਹੋਈ ਅਤੇ ਪੰਜ ਪਿਆਰੇ ਸਾਹਿਬਾਨ ਨੇ ਉਨ੍ਹਾਂ ਨੂੰ ਦਸਤਾਰ ਭੇਟ ਕੀਤੀ। ਇਸ ਮਗਰੋਂ, ਉਨ੍ਹਾਂ ਨੇ ਮੱਥਾ ਟੇਕ ਕੇ ਅੰਮ੍ਰਿਤ ਵੇਲੇ ਦੀ ਪਹਿਲੀ ਅਰਦਾਸ ਵਿਚ ਹਿੱਸਾ ਲਿਆ, ਜਿੱਥੇ ਵੱਡੀ ਗਿਣਤੀ ਵਿਚ ਸੰਗਤ ਵੀ ਮੌਜੂਦ ਸੀ।


ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜਥੇਦਾਰ ਸਾਹਿਬ ਦੀ ਹਾਜ਼ਰੀ ਦੌਰਾਨ ਤਖ਼ਤ ਸਾਹਿਬ ‘ਤੇ ਇਤਿਹਾਸਕ ਸ਼ਸਤਰ ਪੂਰੀ ਤਰ੍ਹਾਂ ਸੁਭਾਇਮਾਨ ਸਨ। ਇਹ ਗੱਲ ਗਲਤ ਢੰਗ ਨਾਲ ਫੈਲਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਜਾਣ ਸਮੇਂ ਸ਼ਸਤਰ ਮੌਜੂਦ ਨਹੀਂ ਸਨ।


ਉਨ੍ਹਾਂ ਅਖੀਰ ਵਿੱਚ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਤਿਉਹਾਰ ਦੇ ਦੌਰਾਨ ਜਥੇਦਾਰ ਦੀ ਮੌਜੂਦਗੀ ਬਹੁਤ ਜ਼ਰੂਰੀ ਹੁੰਦੀ ਹੈ, ਅਤੇ ਇਨ੍ਹਾਂ ਹੀ ਕਾਰਨਾਂ ਕਰਕੇ ਇਹ ਤਾਇਨਾਤੀ ਸਮਾਗਮ ਹੋਇਆ।


Posted By: Gurjeet Singh