ਸਰਦਾਰ ਹਰਿੰਦਰ ਸਿੰਘ ਸ਼ਰਮਾਂ ਦਾ ਜਨਮ 04-08-1945 ਨੂੰ ਪਿੰਡ ਬੰਗੀ ਨਿਹਾਲ ਸਿੰਘ(ਬਠਿੰਡਾ )ਵਿਖੇ ਪਿਤਾ ਸ਼੍ਰੀ ਕਰਮ ਚੰਦ ਦੇ ਗ੍ਰਹਿ ਵਿਖੇ ਅਤੇ ਮਾਤਾ ਸੋਭੀ ਦੇਵੀ ਦੀ ਸੁਲੱਖਣੀ ਕੁੱਖੋਂ ਸੁਭਾਗੇ ਦਿਨ ਹੋਇਆ| ਆਪ ਤਿੰਨ ਭੈਣਾਂ ਅਤੇ ਚਾਰ ਭਰਾਵਾਂ 'ਚ ਸਭ ਤੋਂ ਛੋਟੇ ਸਨ| ਇਹਨਾਂ ਨੇ ਨਿੱਕੇ ਕਦਮਾਂ ਨਾਲ ਤੁਰ ਕੇ ਆਪਣੀ ਮੁੱਢਲੀ ਪੜ੍ਹਾਈ ਡੇਰਾ ਬੰਗੀ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾਂ ਅਤੇ ਦਸਵੀਂ ਦੀ ਪੜ੍ਹਾਈ ਹਿੰਦੂ ਸੀਨੀਅਰ ਸੈਕੈਂਡਰੀ ਸਕੂਲ ਰਾਮਾ ਮੰਡੀ ਤੋਂ ਹਾਸਿਲ ਕੀਤੀ |ਸੋਹਣੇ -ਸੁਨੱਖੇ ਅਤੇ ਕੱਦਾਵਰ ਹਰਿੰਦਰ ਸਿੰਘ ਜੀ ਭਾਰਤੀ ਸੈਨਾ ਵਿੱਚ ਬਤੌਰ ਸਿਪਾਹੀ 1963 ਵਿੱਚ ਕਲੈਰੀਕਲ ਅਸਾਮੀ ਲਈ ਭਰਤੀ ਹੋਏ|ਭਾਰਤੀ ਫੌਜ ਵਿੱਚ ਆਪ ਨੇ ਤਕਰੀਬਨ 16 ਸਾਲ ਮਿਹਨਤ, ਇਮਾਨਦਾਰੀ ਤੇ ਨਿਡਰਤਾ ਨਾਲ ਸੇਵਾ ਕੀਤੀ |ਜਬਲਪੁਰ ਤੇ ਮਥੁਰਾ ਆਦਿ ਥਾਵਾਂ 'ਤੇ ਸੇਵਾ ਨਿਭਾਉਣ ਦੇ ਨਾਲ -ਨਾਲ ਆਪ ਨੇ ਭਾਰਤੀ ਸੈਨਾ ਲਈ ਹਾਕੀ ਖੇਡ ਵਿੱਚ ਰਾਸ਼ਟਰੀ ਪੱਧਰ 'ਤੇ ਕਈ ਵਾਰ ਗੋਆ, ਮੁੰਬਈ ਤੇ ਚੰਡੀਗੜ੍ਹ ਵਿਖੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ | ਫੌਜ ਵਿਚ ਸੇਵਾ ਦੌਰਾਨ 1971 ਦੀ ਭਾਰਤ -ਪਾਕਸਿਤਾਨ ਜੰਗ ਵਿੱਚ ਵੀ ਆਪ ਨੂੰ ਸ਼ਾਲਾਘਾਯੋਗ ਯੋਗਦਾਨ ਪਾਉਣ ਦਾ ਮਾਣ ਹਾਸਿਲ ਹੋਇਆ ਹੈ| ਸਾਲ 1979 ਵਿੱਚ ਆਪ ਭਾਰਤੀ ਸੈਨਾ ਵਿੱਚੋਂ ਬਤੌਰ ਹੌਲਦਾਰ ਸੇਵਾ ਮੁਕਤ ਹੋਏ|ਦ੍ਰਿੜ੍ਹ ਇਰਾਦੇ ਦੇ ਮਾਲਕ ਹਰਿੰਦਰ ਸਿੰਘ ਸ਼ਰਮਾ ਜੀ ਉਸ ਤੋਂ ਬਾਅਦ 1980 ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਵਿੱਚ ਫ਼ੂਡ ਸਪਲਾਈ ਇੰਸਪੈਕਟਰ ਵਜੋਂ ਭਰਤੀ ਹੋਏ ਤੇ 2003 ਤੱਕ ਇਸ ਵਿਭਾਗ ਵਿੱਚ ਪੂਰੀ ਸ਼ਿੱਦਤ, ਲਗਨ ਤੇ ਹਿੰਮਤ ਨਾਲ ਪ੍ਰਸ਼ੰਸ਼ਾਯੋਗ ਸੇਵਾ ਕੀਤੀ| ਆਪ ਜੀ ਦਾ ਸ਼ੁਭ ਵਿਆਹ ਪਿੰਡ ਰਾਮਆਣੇ ਦੇ ਸ੍ਰੀ ਦੇਵ ਚੰਦ ਦੀ ਹੋਣਹਾਰ ਧੀ ਨਸੀਬ ਕੌਰ ਨਾਲ 1968 ਵਿੱਚ ਹੋਇਆ| ਇਹਨਾਂ ਦੇ ਘਰ ਧੀ ਵੀਰਪਾਲ ਕੌਰ,ਨਛੱਤਰ ਕੌਰ ਅਤੇ ਲਾਇਕ ਪੁੱਤਰ ਅਮਰਜੀਤ ਸ਼ਰਮਾ ਨੇ ਜਨਮ ਲਿਆ | ਹਸਮੁਖ ਸੁਭਾਅ, ਜ਼ਿੰਦਾਦਿਲੀ, ਨੇਕ ਨੀਤੀ, ਮਿਲਵਰਤਨ ਤੇ ਹਰੇਕ ਲੋੜਵੰਦ ਦੀ ਮਦਦ ਕਰਨਾ ਇਹਨਾਂ ਦੀ ਸ਼ਖ਼ਸੀਅਤ ਦੇ ਖ਼ਾਸ ਗੁਣ ਸਨ | ਅੰਗਰੇਜ਼ੀ ਦੇ ਵਿੱਚ ਮੁਹਾਰਤ ਹੋਣ ਕਾਰਨ ਪਿੰਡ ਦੇ ਲੋਕ ਅਕਸਰ ਇਹਨਾਂ ਤੋਂ ਚਿੱਠੀ- ਪੱਤਰ ਪੜ੍ਹਾਉਣ ਵਾਸਤੇ ਆਉਂਦੇ ਰਹਿੰਦੇ ਸਨ |ਸ਼ੁਰੂਆਤੀ ਜੀਵਨ ਵਿੱਚ ਆਰਥਿਕ ਤੰਗੀਆਂ, ਕੱਚੇ ਘਰਾਂ ਦੇ ਸਫ਼ਰ ਦੇ ਨਾਲ -ਨਾਲ ਆਪਣੇ ਸਾਂਝੇ ਪਰਿਵਾਰ ਚੋਂ ਜੀਆਂ ਦੇ ਬੇਵਕਤ ਤੁਰ ਜਾਣ 'ਤੇ ਇਹਨਾਂ ਨੇ ਖ਼ੁਦ ਭਾਣਾ ਮੰਨਿਆ ਅਤੇ ਭਤੀਜਿਆਂ ਲਈ ਧਿਰ ਬਣ ਕੇ ਖੜ੍ਹੇ | ਸਕੂਲੀ ਜੀਵਨ ਦੌਰਾਨ ਅਤੇ ਨੌਕਰੀ ਦੌਰਾਨ ਨੇੜੇ -ਤੇੜੇ ਦਾ ਸਫ਼ਰ ਸਾਈਕਲ ਰਾਹੀਂ ਕਰਨਾ ਇਹਨਾਂ ਦੇ ਸ਼ੌਂਕ ਦਾ ਹਿੱਸਾ ਰਿਹਾ ਹੈ |ਨੀਝ ਨਾਲ ਅਖ਼ਬਾਰ ਪੜ੍ਹਨ ਵਾਲੇ , ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਜਾਣਕਾਰੀ ਰੱਖਣ ਵਾਲੇ , ਸਭ ਦਾ ਆਦਰ ਸਤਿਕਾਰ ਕਰਨ ਵਾਲੇ , ਮਜ਼ਾਕ ਕਰਨ ਵਾਲੇ , ਮੂੰਹ 'ਤੇ ਸੱਚੀ ਗੱਲ ਕਹਿਣ ਵਾਲੇ ਤੇ ਸੱਥ 'ਚ ਬਾਬੇ ਮੇਲੇ ਨਾਲ ਨੋਕ -ਝੋਕ ਕਰਨ ਵਾਲੇ ਸ:ਹਰਿੰਦਰ ਸਿੰਘ ਸ਼ਰਮਾਂ ਦੇ ਤੁਰ ਜਾਣ ਨਾਲ ਪੂਰਾ ਪਰਿਵਾਰ ਤੇ ਪਿੰਡ ਉਦਾਸੀ ਦੇ ਆਲਮ 'ਚ ਹੈ |ਆਖਰੀ ਸਾਹ ਤੱਕ ਪਤਨੀ ਨਸੀਬ ਕੌਰ, ਪੁੱਤਰ ਅਮਰਜੀਤ ਸ਼ਰਮਾ, ਨੂੰਹ ਰਾਜ ਰਾਣੀ, ਧੀਆਂ, ਜਵਾਈਆਂ,ਭਤੀਜਿਆਂ, ਭਤੀਜ ਨੂੰਹਾਂ,ਪੋਤਰੇ, ਪੋਤਰੀਆਂ ਨੇ ਖੂਬ ਸੇਵਾ -ਸੰਭਾਲ ਕੀਤੀ |ਆਪ ਪਰਮਾਤਮਾ ਦੁਆਰਾ ਬਖਸ਼ੀ ਸਾਹਾਂ ਦੀ ਪੂੰਜੀ ਨੂੰ ਭੋਗਦੇ ਹੋਏ ਮਿਤੀ 12/03/24 ਨੂੰ ਅਕਾਲ ਚਲਾਣਾ ਕਰ ਗਏ | ਪਰਿਵਾਰਕ ਫੁਲਵਾੜੀ 'ਚੋਂ ਧਰਮ ਪਤਨੀ, ਪੁੱਤਾਂ, ਧੀਆਂ,-ਨੂੰਹਾਂ, ਭਤੀਜੇ ਹਰਮੇਸ਼ ਸ਼ਰਮਾ, ਸਤਨਾਮ ਸਿੰਘ ਮੈਨੇਜਰ, ਭਤੀਜੀ ਰਾਜ ਕੌਰ,ਪੋਤਰਿਆਂ ਵਿੱਚੋਂ ਗੁਰਜੋਤ ਸ਼ਰਮਾ ਆਸਟ੍ਰੇਲੀਆ,ਮਨਜੋਤ, ਬੱਬੂ, ਸੁਮੀਤ, ਹੈਪੀ, ਪੋਤਰੀਆਂ ਵਿੱਚੋ ਹਿਮਾਨੀ ਆਸਟ੍ਰੇਲੀਆ,ਏਕਤਾ ਸਮੇਤ ਸਮੂਹ ਰਿਸ਼ਤੇਦਾਰਾਂ, ਪਿੰਡ ਵਾਸੀਆਂ ਨੂੰ ਰੰਗਲੀ ਹਸਤੀ ਹਰਿੰਦਰ ਸਿੰਘ ਸਦਾ ਯਾਦ ਰਹਿਣਗੇ | ਇਹਨਾਂ ਨਮਿਤ ਰੱਖੇ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 22/03/2024(ਸ਼ੁੱਕਰਵਾਰ ) ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਬੰਗੀ ਨਿਹਾਲ ਸਿੰਘ(ਬਠਿੰਡਾ )ਵਿਖੇ ਹੋਵੇਗੀ, ਜਿੱਥੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ,ਇਲਾਕਾ ਨਿਵਾਸੀ, ਧਾਰਮਿਕ ਹਸਤੀਆਂ,ਮੁਲਾਜ਼ਮ, ਸੱਭਿਆਚਾਰਕ ਹਸਤੀਆਂ, ਪਿੰਡ ਵਾਸੀ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ |ਅੱਜ ਸ਼ਾਮੀ ਚਾਰ ਵਜੇ ਪਿੰਡ ਬੰਗੀ ਨਿਹਾਲ ਸਿੰਘ ਇਹਨਾਂ ਦੀ ਯਾਦ ਨੂੰ ਸਮਰਪਿਤ ਵਾਲੀਬਾਲ ਲੀਗ ਕਰਵਾਈ ਜਾਵੇਗੀ |ਵੱਲੋਂ :ਲੈਕਚਰਾਰ ਤਰਸੇਮ ਸਿੰਘ ਬੁੱਟਰ ਬੰਗੀ