ਬਿਜਲੀ ਪਾਣੀ ਦਾ ਮੋਰਚਾ ਪੰਜਵੇਂ ਦਿਨ ਵਿੱਚ ਦਾਖਲ

ਪਟਿਆਲਾ, 13 ਸਤੰਬਰ (ਪੀ.ਐਸ.ਗਰੇਵਾਲ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਇੱਥੇ ਚਲਾਇਆ ਜਾ ਰਿਹਾ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲੋਕਾਂ ਨੇ ਅੱਜ ਮੋਤੀ ਮਹਿਲ ਵੱਲ ਕੂਚ ਕੀਤਾ। ਅੱਜ ਦੇ ਇਕੱਠ ਵਿੱਚ ਹਜ਼ਾਰਾਂ ਲੋਕ, ਜਿਨਾਂ ਵਿੱਚ ਚੋਖੀ ਗਿਣਤੀ ਔਰਤਾਂ ਵੀ ਸ਼ਾਮਲ ਸਨ, ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਖਿਲਾਫ ਰੋਸ ਪ੍ਰਗਟਾਉਂਦੇ, ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਸ਼ਾਮਲ ਹੋਏ। ਲੋਕੀ ਮੰਗ ਕਰ ਰਹੇ ਸਨ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ, ਨਿੱਜੀ ਬਿਜਲੀ ਕਾਰੋਬਾਰੀਆਂ ਨਾਲ ਕੀਤੇ ਬਿਜਲੀ ਖਰੀਦ ਦੇ ਬਦਨੀਅਤੀ ਵਾਲੇ ਸਮਝੌਤੇ ਰੱਦ ਕਰਕੇ ਸਰਕਾਰੀ ਮਾਲਕੀ ਵਾਲੇ ਤਿੰਨੇ ਥਰਮਲ ਪੂਰੀ ਸਮਰੱਥਾ ਨਾਲ ਚਲਾਏ ਜਾਣ, ਰੱਜੇ-ਪੁੱਜੇ ਲੋਕਾਂ ਨੂੰ ਮੁਫ਼ਤ ਬਿਜਲੀ ਜਾਂ ਬਿਜਲੀ ਤੇ ਸਬਸਿਡੀ ਦੇਣੀ ਫੌਰੀ ਬੰਦ ਕਰਕੇ ਇਹ ਲਾਭ ਹਕੀਕੀ ਲੋੜਵੰਦਾਂ ਨੂੰ ਦਿੱਤਾ ਜਾਵੇ, ਬਾਰਸੂਖ ਵਿਅਕਤੀਆਂ ਵਲੋਂ ਕੀਤੀ ਜਾਂਦੀ ਬਿਜਲੀ ਚੋਰੀ ਸਖਤੀ ਨਾਲ ਰੋਕੀ ਜਾਵੇ ਅਤੇ ਬਿਜਲੀ ਪੈਦਾ ਕਰਨ ਦੇ ਸਸਤੇ ਤੇ ਸੁਲਭ ਤਰੀਕੇ ਅਪਣਾਏ ਜਾਣ। ਲੋਕਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਅਤੇ ਫਲੈਕਸਾਂ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇ, ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਫੰਡ ਕਾਇਮ ਕਰਦਿਆਂ ਹੰਗਾਮੀ ਨੀਤੀ ਬਣਾਈ ਜਾਵੇ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਵਿੱਚ ਸਨਅਤੀ ਤੇ ਮੈਡੀਕਲ ਰਹਿੰਦ-ਖੂੰਦ, ਮਲ-ਮੂਤਰ, ਕਾਰਖਾਨਿਆਂ ਵਲੋਂ ਵਰਤਣ ਉਪਰੰਤ ਦੁਸ਼ਿਤ ਕੀਤਾ ਬਿਨਾ ਸੋਧਿਆ ਪਾਣੀ ਅਤੇ ਹੋਰ ਘਾਤਕ ਜਹਿਰਾ ਦੀ ਮਿਲਾਵਟ ਬੰਦ ਕੀਤੀ ਜਾਵੇ, ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਨੀਤੀ ਬਣਾ ਕੇ ਉਸ ਉਪਰ ਫੌਰੀ ਅਮਲ ਕੀਤਾ ਜਾਵੇ,ਬਾਰਿਸ਼ਾਂ ਦਾ ਪਾਣੀ ਸੰਭਾਲ ਕੇ ਮੁੜ ਵਰਤਣ ਯੋਗ ਬਣਾਉਣ ਲਈ ਜੰਗੀ ਪੱਧਰ ’ਤੇ ਉਪਰਾਲੇ ਕੀਤੇ ਜਾਣ, ਧਰਤੀ ਹੇਠਲੇ ਪਾਣੀਆਂ ਤੇ ਨਿਰਭਰਤਾ ਘਟਾ ਕੇ ਦਰਿਆਈ ਪਾਣੀਆਂ ਰਾਹੀਂ ਖੇਤੀ ਲੋੜਾਂ ਪੂਰੀਆਂ ਕਰਨ ਦਾ ਐਕਸ਼ਨ ਪਲਾਨ ਉਲੀਕਿਆ ਜਾਵੇ, ਖਾਤਮੇ ਕਿਨਾਰੇ ਜਾ ਲੱਗੇ ਨਹਿਰੀ ਢਾਂਚੇ ਦੀ ਪੁਨਰ ਉਸਾਰੀ ਅਤੇ ਵਿਸਥਾਰ ਕੀਤਾ ਜਾਵੇ। ਮੋਤੀ ਮਹਿਲ ਵੱਲ ਮਾਰਚ ਕਰਨ ਤੋਂ ਪਹਿਲਾਂ ਹੋਏ ਇਕੱਠ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ, ਵਿਜੇ ਮਿਸ਼ਰਾ, ਨੱਥਾ ਸਿੰਘ ਡਡਵਾਲ, ਦਰਸ਼ਨ ਨਾਹਰ, ਸਤਨਾਮ ਸਿੰਘ ਅਜਨਾਲਾ, ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਬਟਾਲਾ, ਮਨਜਿੰਦਰ ਢੇਸੀ, ਪੂਰਨ ਚੰਦ ਨਨਹੇੜਾ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਸਾਥੀ ਪਰਗਟ ਸਿੰਘ ਜਾਮਾਰਾਇ ਵੱਲੋਂ ਨਿਭਾਈ ਗਈ। ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਏ ਪਾਸਲਾ, ਸਾਥੀ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ (ਮੈਂਬਰਾਨ ਕੇਂਦਰੀ ਕਮੇਟੀ), ਲਾਲ ਚੰਦ ਕਟਾਰੂ ਚੱਕ, ਪ੍ਰੋ. ਜੈਪਾਲ, ਵਿਜੇ ਮਿਸ਼ਰਾ, ਵੇਦ ਪ੍ਰਕਾਸ਼, ਰਵੀ ਕੰਵਰ, ਭੀਮ ਸਿੰਘ ਆਲਮਪੁਰ (ਮੈਂਬਰਾਨ ਸੂਬਾ ਸਕੱਤਰੇਤ) ਅਤੇ ਹੋਰਨਾਂ ਸੂਬਾਈ ਆਗੂਆਂ ਨੇ ਐਲਾਨ ਕੀਤਾ ਕਿ ਉਹ ਦੋਹਾਂ ਮੁਦਿਆਂ ਨਾਲ ਸਬੰਧਤ ਉਪਰ ਬਿਆਨ ਕੀਤੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪਾਰਟੀ ਆਰ-ਪਾਰ ਦਾ ਸੰਗਰਾਮ ਲੜੇਗੀ। ਇਸ ਦੋਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਮੋਰਚੇ ਦੀ ਹਮਾਇਤ ਕਰਦਿਆਂ ਉਚੇਚੇ ਤੌਰ ’ਤੇ ਆਪਣਾ ਭਰਾਤਰੀ ਸੰਦੇਸ਼ ਵੀ ਦਿੱਤਾ। ਇਸ ਮੌਕੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਹੋਰਨਾ ਬੁਲਾਰਿਆਂ ਨੇ ਕਿਹਾ ਕਿ ਪਟਿਆਲਾ ਮੋਰਚਾ ਵੱਖੋ-ਵੱਖ ਰੂਪਾਂ ਵਿੱਚ ਵਿਸ਼ਾਲ ਪੈਮਾਨੇ ਉੱਤੇ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਗਾਂ ਲਾਗੂ ਨਹੀਂ ਕਰ ਦਿੰਦੀ। ਪਾਰਟੀ ਆਗੂਆਂ ਨੇ ਦੱਸਿਆ ਕਿ ਪਾਰਟੀ ਵੱਲੋਂ ਉਕਤ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਹਰ ਘਰ ਦੀ ਦਹਿਲੀਜ ਤੱਕ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਲਾਮਬੰਦੀ ਮੁਹਿੰਮ ਦਾ ਤਿੰਨ ਪੜਾਅ ਹੁਣ ਤੱਕ ਪੂਰੇ ਕੀਤੇ ਜਾ ਚੁੱਕੇ ਹਨ। ਉਨਾਂ ਜੋਰ ਦੇ ਕੇ ਕਿਹਾ ਕਿ ਲੋਕਾਂ ਦੀ ਵਿਸ਼ਾਲ ਲਾਮਬੰਦੀ ਹੀ ਸਰਕਾਰਾਂ ਨੂੰ ਝੁਕਾਉਣ ਦਾ ਇੱਕੋ ਇੱਕ ਰਾਹ ਹੈ ਅਤੇ ਪਾਰਟੀ ਇਸ ਰਾਹ ਤੇ ਅਡੋਲ ਤੁਰਦੀ ਰਹੇਗੀ। ਆਗੂਆਂ ਨੇ ਸਮੂੰਹ ਪੰਜਾਬੀਆਂ ਨੂੰ ਇਸ ਜੀਵਨ ਦੀ ਰਾਖੀ ਦੇ ਸੰਗਰਾਮ ਵਿੱਚ ਸ਼ਾਮਲ ਹੋਣ ਅਤੇ ਇਸ ਦੀ ਹਰ ਪੱਖੋ ਇਮਦਾਦ ਕਰਨ ਦੀ ਅਪੀਲ ਕੀਤੀ। ਉਨਾਂ ਖੱਬੇ, ਇਨਸਾਫ ਪਸੰਦ, ਜਮਹੂਰੀ ਸੰਗਠਨਾ, ਸੰਗਰਾਮੀ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।