ਰਾਜਨੀਤਿਕ ਆਗੂ ਪਾਰਟੀਆਂ ਤੋਂ ਉਪਰ ਉਠ ਕੇ ਕੋਰੋਨਾ ਨਾਲ ਨਜਿੱਠਣ ਲਈ ਇਕਜੁੱਟ ਹੋਣ- ਗੋਲਡੀ

ਧੂਰੀ, 30 ਮਾਰਚ (ਮਹੇਸ਼ ਜਿੰਦਲ) - ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਕਹਿਰ ਮਚਾਉਣ ਵਾਲੇ ਕੋਰੋਨਾ ਵਿਰੁੱਧ ਸਮੁੱਚੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ ਕੋਰੋਨਾ ਵਿਰੁੱਧ ਇਕਜੁੱਟ ਹੋ ਕੇ ਲੜਣ ਦੀ ਲੋੜ ਹੈ। ਉਨਾਂ ਕਿਹਾ ਕਿ ਉਹ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਮੇਤ ਪਿੰਡ-ਪਿੰਡ ਜਾ ਕੇ ਜਿੱਥੇ ਲੋੜਵੰਦਾਂ ਨੂੰ ਜਰੂਰਤ ਦਾ ਸਮਾਨ ਮੁਹੱਈਆ ਕਰਵਾ ਰਹੇ ਹਨ, ਉਥੇ ਹਰੇਕ ਪਿੰਡ ਵਾਸੀ ਦੀ ਮੁਸ਼ਕਲ ਨੂੰ ਸੁਣਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੀਆਂ ਜਾਣ ਵਾਲੀਆਂ ਰਾਹਤ ਸਮੱਗਰੀ ਨੂੰ ਵੰਡਣ ਲਈ ਸਮੁੱਚੇ ਹਲਕਾ ਧੂਰੀ ਦੇ ਸਿਆਸੀ ਪਾਰਟੀਆਂ ਦੀ ਸਰਬ ਸਾਝੀ ਮੀਟਿੰਗ 31 ਮਾਰਚ ਨੂੰ ਸਵੇਰੇ 11:00 ਵਜੇ ਐਸ.ਡੀ.ਐਮ ਦਫਤਰ ਧੂਰੀ ਵਿਖੇ ਰੱਖੀ ਗਈ ਹੈ, ਜਿਸ ਵਿੱਚ ਰਾਹਤ ਸਮੱਗਰੀ ਵੰਡਣ ਲਈ ਹਲਕੇ ਨੂੰ ਜ਼ੋਨਾਂ ਵਿਚ ਵੰਡ ਕੇ ਹਰੇਕ ਸਿਆਸੀ ਪਾਰਟੀ ਦੇ ਆਗੂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਆਉਦੀ ਹੈ ਤਾਂ ਉਹ ਸਿੱਧਾ ਉਨਾਂ ਦੇ ਦਫਤਰ ਨਾਲ ਬੇਝਿੱਜਕ ਸੰਪਰਕ ਕਰ ਸਕਦਾ ਹੈ ਅਤੇ ਉਨਾਂ ਦੀ ਕੋਸ਼ਿਸ਼ ਹੋਵੇਗੀ ਕਿ ਹਲਕੇ ਦਾ ਕੋਈ ਵੀ ਲੋੜਵੰਦ ਪਰਿਵਾਰ ਰਾਹਤ ਸਮੱਗਰੀ ਤੋਂ ਵਾਂਝਾ ਨਾ ਰਹੇ। ਉਨਾਂ ਕਿਹਾ ਕਿ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਪੂਰੀ ਤਰਾਂ ਤਿਆਰ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਲਕਿ ਜਨਤਾ, ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਨੂੰ ਅਪਣਾਵੇ। ਉਨਾਂ ਪ੍ਰਸ਼ਾਸ਼ਨ ਨੂੰ ਕੋਰੋਨਾ ਵਾਇਰਸ ਤੋਂ ਸਬੰਧਤ ਸਰਕਾਰ ਦੀਆਂ ਹਦਾਇਤਾਂ ਨੂੰ ਗੰਭੀਰਤਾਂ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਮੁੱਖ ਰੱਖਦਿਆਂ ਪ੍ਰਸ਼ਾਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਆਪ ਖੁਦ ਹੀ ਸਖਤੀ ਨਾਲ ਪਾਲਣ ਕਰਨ। ਇਸ ਮੌਕੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਮੁਨੀਸ਼ ਗਰਗ ਵੀ ਹਾਜਰ ਸਨ।