ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਅੰਦਰ ਡੇਂਗੂ ਦੇ ਮਾਮਲਿਆਂ ਦੀ ਸਮੀਖਿਆ

ਪਟਿਆਲਾ, 18 ਸਤੰਬਰ: (ਪੀ.ਐਸ.ਗਰੇਵਾਲ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲੇ ਅੰਦਰ ਡੇਂਗੂ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਜ਼ਿਲਾ ਸਿਹਤ ਵਿਭਾਗ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੇ ਹੋਟਲ ਅਤੇ ਰੈਸਟੋਰੈਂਟਾਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਨਗਰ ਨਿਗਮ ਦੀ ਸਬੰਧਤ ਬਰਾਂਚ ਨੂੰ ਹਦਾਇਤ ਕੀਤੀ ਕਿ ਸ਼ਹਿਰ ਅੰਦਰ ਡੇਂਗੂ ਪਨਪਣ ਵਾਲੇ ਸੰਭਾਵਤ ਇਲਾਕਿਆਂ ਅੰਦਰ ਫਾਗਿੰਗ ਸਮੇਤ ਡੇਂਗੂ ਵਿਰੋਧੀ ਗਤੀਵਿਧੀਆਂ ਤੇਜ ਕੀਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਖੇਤਰਾਂ, ਜਿੱਥੇ ਪਿਛਲੇ ਸਾਲ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਇਸ ਵਾਰ ਵੀ ਡੇਂਗੂ ਫੈਲਣ ਦਾ ਖ਼ਤਰਾ ਹੈ, ਵਿਖੇ ਡੇਂਗੂ ਮੱਛਰ ਏਡੀਜ ਦੀ ਪੈਦਾਵਾਰ ਰੋਕਣ ਲਈ ਖੜੇ ਪਾਣੀ ’ਚ ਤੇਲ ਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਫਾਗਿੰਗ ਵੀ ਕੀਤੀ ਜਾਵੇ। ਡੀ.ਐਮ.ਡਬਲਿਯੂ (ਰੇਲਵੇਜ) ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਨਾਂ ਦੇ ਖੇਤਰ ਵਿੱਚ ਡੇਂਗੂ ਮੱਛਰ ਦੀ ਪੈਦਾਵਾਰ ਨਹੀਂ ਹੋਣੀ ਚਾਹੀਦੀ। ਇਸ ਤੋਂ ਬਿਨਾਂ ਇਸ ਸ਼ੁੱਕਰਵਾਰ ਡੇਂਗੂ ’ਤੇ ਵਾਰ ‘ਡਰਾਈ ਡੇ’ ਮੁਹਿੰਮ ’ਚ ਸਾਥ ਦਿੰਦਿਆਂ ਡੀ.ਐਮ.ਡਬਲਿਯੂ ਕੈਂਪਸ ਨੂੰ ਡੇਂਗੂ ਮੁਕਤ ਬਣਾਇਆ ਜਾਵੇ। ਸ੍ਰੀ ਕੁਮਾਰ ਅਮਿਤ ਨੇ ਸ਼ਹਿਰ ਸਮੇਤ ਪੂਰੇ ਜ਼ਿਲੇ ਦੇ ਸਾਰੇ ਹੋਟਲਾਂ ਅਤੇ ਰੈਸਟੋਰੈਂਟ ਮਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਨਾਂ ਨੂੰ 1 ਹਫ਼ਤੇ ਦਾ ਹੋਰ ਸਮਾਂ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਹੋਟਲਾਂ/ਅਹਾਤਿਆਂ ’ਚ ਡੇਂਗੂ ਮੱਛਰ ਦੀ ਪੈਦਾਵਾਰ ਦੇ ਸੋਮੇ ਜਾਂ ਖੜੇ ਪਾਣੀ ਦੇ ਸੋਮੇ ਖ਼ਤਮ ਕਰਨਗੇ ਜਾਂ ਇਨਾਂ ’ਚ ਦਵਾਈ ਜਾਂ ਤੇਲ ਆਦਿ ਪਾ ਕੇ ਡੇਂਗੂ ਮੱਛਰ ਦੀ ਪੈਦਾਵਾਰ ਨਹੀਂ ਹੋਣ ਦੇਣਗੇ। ਉਨਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ’ਚ ਸਭ ਦਾ ਨਿਰੀਖਣ ਕਰਕੇ ਡੇਂਗੂ ਦਾ ਲਾਰਵਾ ਮਿਲਣ ’ਤੇ ਚਲਾਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਂਗੂ ਬੁਖਾਰ ਹੋਣ ’ਤੇ ਸਰਕਾਰੀ ਹਸਪਤਾਲਾਂ ’ਚ ਇਸਦਾ ਇਲਾਜ ਕਰਵਾਉਣ ਅਤੇ ਡੇਂਗੂ ਟੈਸਟ ਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਿਤ ਵਾਇਰਲ ਰਿਸਰਚ ਅਤੇ ਡਾਇਗੋਨਸਟਿਕ ਲੈਬ ’ਚ ਅਜਿਹੇ ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ ਗੁਪਤਾ, ਜ਼ਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਨਗਰ ਨਿਗਮ ਦੇ ਚੀਫ਼ ਸੈਨਟਰੀ ਅਫ਼ਸਰ ਸ. ਭਗਵੰਤ ਸਿੰਘ, ਵੱਖ-ਵੱਖ ਹੋਟਲਾਂ ਤੇ ਰੈਸਟੋਰੈਂਟਾਂ ਦੇ ਮਾਲਕ ਤੇ ਨੁਮਾਇੰਦਿਆਂ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।