ਤਲਵੰਡੀ ਸਾਬੋ 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਰਕਸ਼ੀਲ ਸੁਸਾਇਟੀ ਇਕਾਈ ਤਲਵੰਡੀ ਸਾਬੋ ਦੇ ਆਗੂ ਤੇ ਉੱਘੇ ਵਕੀਲ ਅਵਤਾਰ ਸਿੰਘ ਸਿੱਧੂ ਦੇ ਪਿਤਾ ਜੱਗਰ ਸਿੰਘ ਸਿੱਧੂ (88 ਸਾਲ)ਦੇ ਅੱਜ ਅਕਾਲ ਚਲਾਣਾ ਕਰ ਜਾਣ ਬਾਅਦ ਉਨ੍ਹਾਂ ਦੀ ਇੱਛਾ ਮੁਤਾਬਿਕ ਮ੍ਰਿਤਕ ਦੇਹ ਰਿਆਤ ਬਾਹਰਾ ਡੈਂਟਲ ਕਾਲਜ ਮੋਹਾਲੀ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਸਨੇਹੀਆਂ ਵੱਲੋਂ ਸੌਂਪੀ ਗਈ|ਇਸ ਮੌਕੇ ਸਵਰਗੀ ਜੱਗਰ ਸਿੰਘ ਦੇ ਪੁੱਤਰਾਂ ਵਕੀਲ ਅਵਤਾਰ ਸਿੰਘ ਸਿੱਧੂ ਅਤੇ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਇੱਕ ਤਰਕਸ਼ੀਲ ਸੋਚ ਦੇ ਧਾਰਨੀ ਸਨ|ਜਿਸ ਕਰਕੇ ਉਨ੍ਹਾਂ ਦੀ ਅਗਾਂਹਵਧੂ ਸੋਚ ਤੇ ਚੱਲਦਿਆਂ ਆਪਣੇ ਜਿਉਂਦੇ ਜੀਅ ਮੌਤ ਤੋਂ ਬਾਅਦ ਆਪਣਾ ਸਰੀਰ ਅਗਨੀ ਭੇਟ ਕਰਨ ਦੀ ਥਾਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਅਤੇ ਡਾਕਟਰਾਂ ਵੱਲੋਂ ਮੁਨੱਖੀ ਸਰੀਰ ਤੇ ਕੀਤੀਆਂ ਜਾ ਰਹੀਆਂ ਖੋਜਾਂ ਦੇ ਕੰਮ ਲਈ ਦਾਨ ਕਰਨ ਦਾ ਹਲਫ ਦਿੱਤਾ ਸੀ|ਅੱਜ ਉਨ੍ਹਾਂ ਦੀ ਮੌਤ ਹੋਣ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪਿਤਾ ਜੱਗਰ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਕਾਲਜ ਮੋਹਾਲੀ ਤੋਂ ਆਈ ਡਾਕਟਰਾਂ ਦੀ ਟੀਮ ਨੂੰ ਸੌਂਪਿਆ ਗਿਆ|ਸਵਰਗੀ ਜੱਗਰ ਸਿੰਘ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ, ਇਲਾਕੇ ਭਰ ਦੀਆਂ ਪਹੁੰਚੀਆਂ ਸਖਸ਼ੀਅਤਾਂ ਅਤੇ ਵੱਖ-ਵੱਖ ਰਾਜਨੀਤਕ, ਸਮਾਜਿਕ, ਧਾਰਮਿਕ, ਮੁਲਾਜ਼ਮ ਤੇ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਜੱਦੀ ਘਰ ਪਿੰਡ ਬੁਰਜ ਸੇਮਾ ਤੋਂ ਅੰਤਿਮ ਵਿਦਾਇਗੀ ਦਿੱਤੀ| ਇਸ ਮੌਕੇ ਪਰਿਵਾਰ ਨੇ ਫੈਸਲਾ ਕੀਤਾ ਕਿ ਸਵਰਗੀ ਜੱਗਰ ਸਿੰਘ ਦੀ ਆਤਮਿਕ ਸਾਂਤੀ ਲਈ ਸਿਰਫ ਭੋਗ ਦੀ ਰਸਮ ਹੀ ਕੀਤੀ ਜਾਵੇਗੀ ਅਤੇ ਹੋਰ ਕੋਈ ਰਸਮ ਨਹੀਂ ਕੀਤੀ ਜਾਵੇਗੀ|