ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਵੱਲੋਂ ਸਰਕਾਰੀ ਸਕੂਲਾਂ ਦਾ ਨਿਰੀਖਣ
- ਪੰਜਾਬ
- 06 Feb,2025
ਪਟਿਆਲਾ, 6 ਫਰਵਰੀ(ਪੀ ਐੱਸ ਗਰੇਵਾਲ)-ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਪਟਿਆਲਾ ਜ਼ਿਲ੍ਹੇ 'ਚ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿਖੇ ਮਿਡ ਡੇ ਮੀਲ ਤੇ ਆਂਗਣਵਾੜੀ ਸਕੀਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪ੍ਰੀਤੀ ਚਾਵਲਾ ਨੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਚੰਗੇੜਾ, ਸਰਕਾਰੀ ਐਲੀਮੈਂਟਰੀ ਸਕੂਲ ਮੋਹੀ ਕਲਾਂ, ਸਰਕਾਰੀ ਮਿਡਲ ਤੇ ਐਲੀਮੈਂਟਰੀ ਸਕੂਲ ਪਿੰਡ ਖੇੜੀ ਗੁਰਨਾ, ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਪਿੰਡ ਘੜਾਮ ਕਲਾਂ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਨੰਦਗੜ੍ਹ ਤੇ ਸਰਕਾਰੀ ਐਲੀਮੈਂਟਰੀ ਸਕੂਲ ਲੋਹੰਦ ਦਾ ਦੌਰਾ ਕੀਤਾ। ਫੂਡ ਕਮਿਸ਼ਨ ਮੈਂਬਰ ਨੇ ਸਕੂਲ ਅਧਿਆਪਕਾਂ ਤੇ ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੇ ਜਾਂਦੇ ਖਾਣੇ ਦੇ ਮਾਮਲੇ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਸੈਂਪਲ ਜਾਂਚ ਵੀ ਸਮੇਂ-ਸਮੇਂ 'ਤੇ ਜਰੂਰ ਕਰਵਾਏ ਜਾਣ। ਇਸ ਮੌਕੇ ਉਨ੍ਹਾਂ ਸਕੂਲਾਂ ਦੀਆਂ ਰਸੋਈਆਂ ਦਾ ਨਿਰੀਖਣ ਕਰਦਿਆਂ ਰਾਸ਼ਨ ਨੂੰ ਸਟੋਰ ਕਰਨ ਦੇ ਢੰਗ ਦੀ ਜਾਂਚ ਕੀਤੀ ਜਿਸ 'ਤੇ ਉਨ੍ਹਾਂ ਤਸੱਲੀ ਪ੍ਰਗਟਾਈ। ਉਨ੍ਹਾਂ ਬੱਚਿਆਂ ਲਈ ਤਿਆਰ ਖਾਣੇ ਨੂੰ ਵੀ ਚੈਕ ਕੀਤਾ ਅਤੇ ਖਾਣੇ ਦਾ ਮਿਆਰ 'ਤੇ ਹੀ ਤਸੱਲੀ ਜਾਹਰ ਕੀਤੀ। ਆਪਣੇ ਦੌਰੇ ਦੌਰਾਨ ਉਨ੍ਹਾਂ 2013 ਦੇ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਤਹਿਤ ਚੱਲ ਰਹੀਆਂ ਵੱਖ ਵੱਖ ਯੋਜਨਾਵਾਂ ਦੀ ਜਾਂਚ ਕੀਤੀ ਅਤੇ ਆਂਗਣਵਾੜੀ ਰਜਿਸਟਰਾਂ ਨੂੰ ਵੀ ਘੋਖਿਆ ਅਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਮਿਡ ਡੇ ਮੀਲ ਦਾ ਖਾਣ ਵੀ ਖਾਧਾਂ ਜੋ ਮਿਆਰ ਅਨੁਸਾਰ ਪਾਇਆ ਗਿਆ। ਪ੍ਰੀਤੀ ਚਾਵਲਾ ਨੇ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਸਮੇਤ ਸਕੂਲ ਦੇ ਅਧਿਆਪਕਾਂ ਨੂੰ ਕੁਝ ਜਰੂਰੀ ਹਦਾਇਤਾਂ ਦਿੱਤੀਆਂ, ਜਿਸ 'ਤੇ ਇਨ੍ਹਾਂ ਨੇ ਭਰੋਸਾ ਦਿੱਤਾ ਕਿ ਬੱਚਿਆਂ ਨੂੰ ਬਿਹਤਰ ਢੰਗ ਨਾਲ ਮਿਡ ਡੇ ਮੀਲ ਖਾਣਾ ਪ੍ਰਦਾਨ ਕਰਨ ਸਬੰਧੀ ਹੋਰ ਵੀ ਸੁਧਾਰ ਕੀਤੇ ਜਾਣਗੇ।
Posted By:
Parminder Pal Singh
Leave a Reply