ਕੈਪਟਨ ਸਰਕਾਰ ਨੇ ਵਿਤਕਰੇ ਦੀ ਰਾਜਨੀਤੀ ਤੋਂ ਉਪਰ ਉਠਕੇ ਵਿਕਾਸ ਲਈ ਫੰਡ ਜਾਰੀ ਕੀਤੇ-ਪਰਨੀਤ ਕੌਰ

ਸਨੌਰ/ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਸਨੌਰ ਦੇ ਚਹੁੰਤਰਫ਼ਾ ਵਿਕਾਸ ਲਈ ਢਾਈ ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੇ ਕੁਲ 57 ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਸਨੌਰ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਪਾਸ ਕਰਕੇ ਭੇਜੇ ਹਨ, ਜਿਸ ਨਾਲ ਹਲਕੇ 'ਚ ਕੋਈ ਕੰਮ ਬਕਾਇਆ ਨਹੀਂ ਰਹੇਗਾ।ਸ੍ਰੀਮਤੀ ਪਰਨੀਤ ਕੌਰ ਨੇ ਸਨੌਰ ਦੀਆਂ ਧਰਮਸ਼ਾਲਾਵਾਂ, ਕਮਿਉਨਿਟੀ ਸੈਂਟਰ ਦੇ 19 'ਚੋਂ 17 ਕੰਮਾਂ ਦੇ ਵਰਕ ਆਰਡਰ ਮੌਕੇ 'ਤੇ ਸਬੰਧਤ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੌਂਪੇ। ਉਨ੍ਹਾਂ ਨੇ 'ਘਰ ਸਭ ਲਈ' ਸਕੀਮ ਤਹਿਤ ਕੱਚੇ ਘਰਾਂ ਲਈ ਸਹਾਇਤਾ ਰਾਸ਼ੀ ਦੇ 60 ਲਾਭਪਾਤਰੀਆਂ ਨੂੰ 15 ਲੱਖ ਰੁਪਏ ਦੇ ਚੈਕ ਵੀ ਵੰਡੇ ਅਤੇ ਵਿਸ਼ਵਕਰਮਾ ਮੰਦਰ ਕਮਿਉਨਿਟੀ ਸੈਂਟਰ ਦੇ ਹਾਲ ਲਈ 10 ਲੱਖ ਰੁਪਏ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ।ਇਸ ਤੋਂ ਬਿਨ੍ਹਾਂ ਲੋਕ ਸਭਾ ਮੈਂਬਰ ਨੇ ਸਵੱਛ ਭਾਰਤ ਮਿਸ਼ਨ 2020 ਦੀ ਸ਼ੁਰੂਆਤ ਕਰਵਾ ਕੇ ਸਨੌਰ ਦੇ 4110 ਘਰਾਂ ਵਿੱਚੋਂ ਡੋਰ-ਟੂ-ਡੋਰ ਗਿੱਲਾ ਕੂੜਾ ਤੇ ਸੁੱਕਾ ਕੂੜਾ ਵੱਖੋ-ਵੱਖ ਚੁੱਕਣ ਲਈ ਨਗਰ ਕੌਂਸਲ ਵੱਲੋਂ ਜਾਰੀ ਕੀਤੀਆਂ ਰਿਕਸ਼ਾ ਰੇਹੜੀਆਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਤੇ ਸੀਨੀਅਰ ਆਗੂ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਸ. ਰੀਤਿੰਦਰ ਸਿੰਘ ਰਿੱਕੀ ਮਾਨ, ਬਲਾਕ ਸੰਮਤੀ ਸਨੌਰ ਦੇ ਪ੍ਰਧਾਨ ਸ੍ਰੀ ਅਸ਼ਵਨੀ ਬੱਤਾ ਅਤੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਸ੍ਰੀ ਇੰਦਰ ਕੁਮਾਰ ਛਿੰਦੀ ਵੀ ਮੌਜੂਦ ਸਨ।ਇਸ ਦੌਰਾਨ ਸਨੌਰ ਅਤੇ ਗੁਰਦੁਆਰਾ ਸ੍ਰੀ ਮੱਘਰ ਸਾਹਿਬ ਵਿਖੇ ਕਰਵਾਏ ਧੰਨਵਾਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਲੋਕ ਸਭਾ ਚੋਣਾਂ 'ਚ ਸਨੌਰ ਹਲਕੇ 'ਚੋਂ ਸਭ ਤੋਂ ਵੱਧ ਲੀਡ ਦਿਵਾਉਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੇ ਵਿਕਾਸ ਕੰਮਾਂ ਦਾ ਸਿਹਰਾ ਪੰਜਾਬ ਵਾਸੀਆਂ ਨੂੰ ਜਾਂਦਾ ਹੈ ਕਿਉਂਕਿ ਲੋਕਾਂ ਵੱਲੋਂ ਚੁਣੀ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ।ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹਰ ਹਲਕੇ ਨੂੰ ਬਿਨ੍ਹਾਂ ਕਿਸੇ ਵਿਤਕਰੇ ਦੇ ਵਿਕਾਸ ਲਈ ਗ੍ਰਾਂਟਾਂ ਜਾਰੀ ਕੀਤੀਆਂ ਹਨ ਅਤੇ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਨਾਉਣ ਲਈ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਜਿੰਮੇਵਾਰ ਨਾਗਰਿਕ ਬਣਕੇ ਆਪਣਾ ਆਲ-ਦੁਆਲਾ ਪਲਾਸਟਿਕ ਮੁਕਤ ਬਣਾਉਣ ਦਾ ਵੀ ਸੱਦਾ ਦਿੱਤਾ।ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕਰਦਿਆਂ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਨੇ ਸਨੌਰ ਹਲਕੇ ਦੇ ਵਿਕਾਸ ਲਈ ਫੰਡ ਜਾਰੀ ਕਰਕੇ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਸਨੌਰ ਹਲਕੇ 'ਚ ਹੀ 576 ਕਿਲੋਮੀਟਰ ਸੜਕਾਂ ਬਣੀਆਂ ਹਨ। ਉਨ੍ਹਾਂ ਨੇ ਹਲਕਾ ਸਨੌਰ 'ਚ ਕਰੀਬ ਢਾਈ ਕਰੋੜ ਰੁਪਏ ਦੇ ਕੰਮ ਹੋਰ ਕਰਵਾਉਣ ਲਈ ਇੱਕ ਮੰਗ ਪੱਤਰ ਵੀ ਲੋਕ ਸਭਾ ਮੈਂਬਰ ਨੂੰ ਸੌਂਪਿਆ।ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ. ਰੀਤਿੰਦਰ ਸਿੰਘ ਰਿੱਕੀ ਮਾਨ, ਬਲਾਕ ਸੰਮਤੀ ਸਨੌਰ ਦੇ ਪ੍ਰਧਾਨ ਸ੍ਰੀ ਅਸ਼ਵਨੀ ਬੱਤਾ, ਮੀਤ ਪ੍ਰਧਾਨ ਸ੍ਰੀ ਅਮਨ ਰਣਜੀਤ ਸਿੰਘ ਗਰੇਵਾਲ, ਨਗਰ ਕੌਂਸਲ ਪ੍ਰਧਾਨ ਸ੍ਰੀ ਇੰਦਰ ਕੁਮਾਰ ਛਿੰਦੀ, ਮੀਤ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਹਰੀਕਾ, ਸ. ਦੀਦਾਰ ਸਿੰਘ ਦੌਣਕਲਾਂ, ਸ੍ਰੀ ਰਜੀਵ ਗੋਇਲ, ਸ੍ਰੀ ਨਰੇਸ਼ ਗੋਇਲ, ਸ. ਬਲਿਹਾਰ ਸਿੰਘ, ਕਾਰਜਸਾਧਕ ਅਫ਼ਸਰ ਸ੍ਰੀ ਰਕੇਸ਼ ਅਰੋੜਾ, ਪ੍ਰਧਾਨ ਸਹਿਕਾਰੀ ਸਭਾ ਮਹਿੰਦਰ ਸਿੰਘ, ਸ. ਗੁਰਮੀਤ ਸਿੰਘ, ਸ. ਹਰਦੀਪ ਸਿੰਘ ਜੋਸ਼ਨ, ਯੂਥ ਪ੍ਰਧਾਨ ਸ. ਰਘਬੀਰ ਸਿੰਘ ਕਾਲਾ, ਸ. ਗੌਰਵ ਸੰਧੂ, ਸ. ਦਵਿੰਦਰ ਬਾਂਗਾ, ਸ. ਜਗਮਾਲ ਰਾਣਾ, ਸ. ਦੇਵਿੰਦਰ ਪਾਲ ਸਿੰਘ ਬਹਾਦਰਗੜ੍ਹ, ਸ. ਚਰਨਜੀਤ ਸਿੰਘ ਜੱਜ ਸਮੇਤ ਇਲਾਕਾ ਨਿਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ।