ਕਿਸਾਨ ਜਥੇਬੰਦੀ ਨੇ ਐਮ.ਐਸ.ਪੀ. ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਕੀਤਾ ਸਮਾਪਤ।

ਡੀਸੀ ਨੇ ਮੰਗ ਪੱਤਰ ਪ੍ਰਾਪਤ ਕਰਕੇ ਕਿਸਾਨਾਂ ਦੀ ਮੰਗ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਦਿਵਾਇਆ ਭਰੋਸਾ।ਬਠਿੰਡਾ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਕੇਂਦਰ ਸਰਕਾਰ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐਮ.ਐਸ.ਪੀ. ਤੇ ਹੋਰ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਕਿਸਾਨ ਜਥੇਬੰਦੀਆਂ ਕੋਲੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਸਮਾਪਤ ਹੋ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਮੰਗ ਨੂੰ ਯੋਗ ਪ੍ਰਣਾਲੀ ਰਾਹੀਂ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕਣਕ ਦੀ ਖ਼ਰੀਦ ਸਬੰਧੀ ਬਿਜ਼ੀ ਹੋਣ ਕਰਕੇ ਉਨ੍ਹਾਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਐਸ ਐੱਸ ਡੀ ਐੱਮ ਮੈਡਮ ਨੂੰ ਆਪਣਾ ਮੰਗ ਪੱਤਰ ਸੌਂਪਣ, ਪ੍ਰੰਤੂ ਕਿਸਾਨ ਜਥੇਬੰਦੀ ਵੱਲੋਂ ਮਨ੍ਹਾਂ ਕੀਤਾ ਗਿਆ, ਜਿਸ ਕਰ ਕਿ ਉਨ੍ਹਾਂ ਵੱਲੋਂ ਅਨਾਜ ਮੰਡੀਆਂ ਤੋਂ ਵਾਪਸ ਆਉਣਾ ਉਪਰੰਤ ਕੈਂਪ ਆਫ਼ਿਸ ਵਿਖੇ ਕਿਸਾਨ ਜਥੇਬੰਦੀ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਹ ਵੀ ਅਪੀਲ ਕੀਤੀ ਹੈ ਕਿ ਜ਼ਿਲ੍ਹੇ ਅੰਦਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਤੇ ਕਮਿਸ਼ਨਰ ਨਗਰ ਨਿਗਮ ਸਮੇਤ ਕਈ ਉੱਚ ਅਧਿਕਾਰੀਆਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਕਈ ਵਾਰ ਉਨ੍ਹਾਂ ਲਈ ਖ਼ੁਦ ਮੰਗ ਪੱਤਰ ਪ੍ਰਾਪਤ ਕਰਨਾ ਸੰਭਵ ਨਹੀਂ ਹੁੰਦਾ। ਇਸ ਲਈ ਭਵਿੱਖ ਵਿੱਚ ਕਿਸਾਨ ਜਥੇਬੰਦੀਆਂ ਜਾਂ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਜਾਂ ਸਮੱਸਿਆਵਾਂ ਸਬੰਧੀ ਕੋਈ ਮੰਗ ਪੱਤਰ ਦੇਣਾ ਹੋਵੇ ਤਾਂ ਉਹ ਤਹਿਸੀਲਦਾਰ, ਉਪ ਮੰਡਲ ਮੈਜਿਸਟ੍ਰੇਟ ਜਾਂ ਵਧੀਕ ਡਿਪਟੀ ਕਮਿਸ਼ਨਰ ਪੱਧਰ ਦੇ ਅਧਿਕਾਰੀਆਂ ਰਾਹੀਂ ਦੇਣਾ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਯੋਗ ਪ੍ਰਣਾਲੀ ਰਾਹੀਂ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਹੱਲ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਹ ਵੀ ਵਿਸ਼ਵਾਸ ਦੁਆਇਆ ਕਿ ਇਨ੍ਹਾਂ ਅਧਿਕਾਰੀਆਂ ਰਾਹੀਂ ਪ੍ਰਾਪਤ ਹੋਇਆ ਮੰਗ ਪੱਤਰ ਵੀ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਮੰਗ ਪੱਤਰ ਪ੍ਰਾਪਤ ਦੇਣ ਸਮੇਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਸਮੇਤ ਹੋਰ ਕਿਸਾਨ ਆਗੂ ਮੌਜੂਦ ਸਨ।