ਫੈਕਟਰੀ ਮਾਲਕ ਵੱਲੋਂ ਨੌਜਵਾਨ ਕੁੜੀਆਂ ਨਾਲ ਬਦਸਲੂਕੀ, ਮਾਮਲਾ ਵਾਇਰਲ

ਫੈਕਟਰੀ ਮਾਲਕ ਵੱਲੋਂ ਨੌਜਵਾਨ ਕੁੜੀਆਂ ਨਾਲ ਬਦਸਲੂਕੀ, ਮਾਮਲਾ ਵਾਇਰਲ

ਲੁਧਿਆਣਾ ਦੇ ਬਹਾਦਰਕੇ ਰੋਡ ਉੱਤੇ ਸਥਿਤ ਗੁਰਪ੍ਰੀਤ ਵਿਹਾਰ ਦੀ ਇੱਕ ਹੋਜਰੀ ਫੈਕਟਰੀ ਵਿੱਚ ਮਜ਼ਦੂਰੀ ਕਰਨ ਵਾਲੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੇ ਮੂੰਹ ਕਾਲੇ ਕਰਕੇ ਅਤੇ ਗਲੇ ਵਿੱਚ 'ਮੈਂ ਚੋਰ ਹਾਂ' ਦੀਆਂ ਤਖ਼ਤੀਆਂ ਪਾ ਕੇ ਗਲੀਆਂ ਵਿੱਚ ਬੇਇਜ਼ਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਨ੍ਹਾਂ ਪੀੜਤਾਂ ਵਿੱਚ ਤਿੰਨ ਨੌਜਵਾਨ ਕੁੜੀਆਂ, ਉਨ੍ਹਾਂ ਦੀ ਭੂਆ ਅਤੇ ਚਚੇਰਾ ਭਰਾ ਸ਼ਾਮਿਲ ਹਨ। ਇਹ ਪਰਿਵਾਰ ਪਿਛਲੇ ਕਈ ਮਹੀਨਿਆਂ ਤੋਂ ਇਸ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ।

ਫੈਕਟਰੀ ਦੀ ਮੈਨੇਜਮੈਂਟ ਨੇ ਉਨ੍ਹਾਂ ਤੇ ਕੱਪੜੇ ਚੋਰੀ ਕਰਨ ਦਾ ਸ਼ੱਕ ਜਤਾਉਂਦੇ ਹੋਏ ਮੰਗਲਵਾਰ ਨੂੰ ਇਹ ਘਟਨਾ ਅੰਜਾਮ ਦਿੱਤੀ। ਇਹ ਸਾਰੀ ਕਾਰਵਾਈ ਕੈਮਰੇ ਵਿੱਚ ਕੈਦ ਕੀਤੀ ਗਈ ਅਤੇ ਇਸਦੀ ਵੀਡੀਓ ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਫੈਕਟਰੀ ਦੇ ਮਾਲਕ ਪਰਵਿੰਦਰ ਸਿੰਘ, ਮੈਨੇਜਰ ਅਤੇ ਇੱਕ ਵਰਕਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਮੈਨੇਜਰ ਅਤੇ ਵਰਕਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਮਾਲਕ ਅਜੇ ਫਰਾਰ ਹੈ।

ਥਾਣਾ ਬਸਤੀ ਜੋਧਵਾਲ ਦੇ ਐੱਸਐੱਚਓ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਘਟਨਾ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀੜਤਾਂ ਲਈ ਨਿਆਂ ਸਬੰਧੀ ਭਰੋਸਾ ਦਿਵਾਇਆ।

ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸੂ ਮੋਟੋ ਨੋਟਿਸ ਲਿਆ ਹੈ। ਕਮਿਸ਼ਨ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਦੇ ਹੋਏ ਘਟਨਾ ਦੀ ਪੜਤਾਲ ਤੇ ਦੋ ਦਿਨ ਦੇ ਅੰਦਰ ਰਿਪੋਰਟ ਮੰਗੀ ਹੈ।



Posted By: Gurjeet Singh