ਸ਼ਰਾਬ ਦੇ ਠੇਕੇ ਤੋਂ ਭੜਕੇ ਪਿੰਡ ਵਾਸੀਆਂ ਨੇ ਲਾਇਆ ਧਰਨਾ, ਪਿੰਡ ਕੀਤੀ ਠੇਕੇਦਾਰਾਂ ਖਿਲਾਫ ਨਾਅਰੇਬਾਜ਼ੀ।

ਤਲਵੰਡੀ ਸਾਬੋ, 9 ਅਪਰੈਲ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਨੰਗਲਾ ਵਾਸੀਆਂ ਨੇ ਪਿੰਡ ਦੀ ਅਬਾਦੀ ਵਿੱਚ ਖੁਲ੍ਹੇ ਸ਼ਰਾਬ ਦੇ ਠੇਕੇ ਨੂੰ ਪਿੰਡ ਵਿਚੋਂ ਚੁਕਵਾਉਣ ਲਈ ਅੱਜ ਪਿੰਡ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਗਾਇਆ ਗਿਆ। ਪਿੰਡ ਦੇ ਮੋਹਤਬਰ ਆਗੂਆਂ ਰਵਿੰਦਰ ਸਿੰਘ, ਸਤਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੇ ਬਿਲਕੁੱਲ ਅੰਦਰ ਆਬਾਦੀ ਵਾਲੀ ਜਗ੍ਹਾ ਚ ਨਜਾਇਜ਼ ਠੇਕਾ ਖੋਲਿਆ ਹੋਇਆ ਹੈ ਜਿਸਨੂੰ ਚੁਕਵਾਉਣ ਲਈ ਪਹਿਲਾਂ ਵੀ ਕਈ ਵਾਰ ਠੇਕਾ ਚੁੱਕਣ ਦੀ ਗੱਲ ਕੀਤੀ ਗਈ ਸੀ ਪ੍ਰੰਤੂ ਉਕਤ ਸ਼ਰਾਬ ਦਾ ਠੇਕਾ ਅਜੇ ਤੱਕ ਵੀ ਨਹੀਂ ਚੁੱਕਿਆ ਗਿਆ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਕਜੁਟਤਾ ਦਿਖਾਉਂਦਿਆਂ ਠੇਕਾ ਪਿੰਡੋਂ ਬਾਹਰ ਕਢਵਾਉਣ ਲਈ ਪਿੰਡ ਅੰਦਰ ਰੈਲੀ ਕਰਦਿਆਂ ਠੇਕੇਦਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਦਿੱਤਾ ਗਿਆ। ਯੋਧਾ ਸਿੰਘ ਅਤੇ ਬੱਹਤਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਾਸੀ ਸ਼ਰਾਬ ਦਾ ਖੁਲਿਆ ਉਕਤ ਠੇਕਾ ਪਿੰਡੋਂ ਬਾਹਰ ਕੱਢਕੇ ਹੀ ਦਮ ਲੈਣਗੇ। ਧਰਨੇ ਦੌਰਾਨ ਪਹੁੰਚੇ ਤਲਵੰਡੀ ਸਾਬੋ ਥਾਣਾ ਮੁਖੀ ਰਾਕੇਸ਼ ਕੁਮਾਰ ਕੋਲ ਪਿੰਡ ਵਾਸੀਆਂ ਨੇ ਮੰਗ ਰੱਖੀ ਕਿ ਇਹ ਠੇਕਾ ਪਿੰਡ ਦੀ ਫਿਰਨੀ ਤੋਂ ਡੇਢ ਕਿਲੋਮੀਟਰ ਬਾਹਰ ਕੀਤਾ ਜਾਵੇ ਅਤੇ ਠੇਕੇਦਾਰ ਦੇ ਮੁਲਾਜ਼ਮ ਪਿੰਡ ਵਿਚ ਆਪਣੀ ਗੱਡੀ ਫਾਲਤੂ ਨਾ ਘੁਮਾਉਣ ਨਹੀਂ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਥਾਣਾ ਮੁਖੀ ਦੀ ਠੇਕਾ ਚੁਕਾਉਣ ਲਈ ਬਣੀ ਕਮੇਟੀ ਨਾਲ ਗੱਲਬਾਤ ਕਿਸੇ ਸਿਰੇ ਨਾਲ ਲੱਗਣ ਤੇ ਉਕਤ ਧਰਨਾ ਖਬਰ ਲਿਖੇ ਜਾਣ ਤੱਕ ਜਾਰੀ ਸੀ। ਇਸ ਮੌਕੇ ਸਰਵਣ ਸਿੰਘ, ਜਗਦੇਵ ਸਿੰਘ, ਹਰਦੇਵ ਸਿੰਘ, ਕਰਨੈਲ ਸਿੰਘ, ਭਿੰਦਰ ਸਿੰਘ, ਨਰਦੇਵ ਸਿੰਘ, ਸ਼ਿੰਗਾਰਾ ਸਿੰਘ ਮਾਸਟਰ, ਰੂਪ ਸਿੰਘ, ਬੋਘ ਸਿੰਘ ਤੋਂ ਇਲਾਵਾ ਸੈਂਕੜੇ ਪਿੰਡ ਵਾਸੀ ਮੌਜ਼ੂਦ ਸਨ।