ਪੱਤਰਕਾਰ ਨਾਲ ਬਦਸਲੂਕੀ ਦੇ ਰੋਸ ਵਜੋਂ ਪੱਤਰਕਾਰਾਂ ਨੇ ਸਾਂਸਦ ਮਾਨ ਦਾ ਪੁਤਲਾ ਸਾੜਿਆ

ਧੂਰੀ, 26 ਦਸੰਬਰ (ਮਹੇਸ਼ ਜਿੰਦਲ) - ਅਕਸਰ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵੱਲੋਂ ਲੰਘੇ ਦਿਨ ਚੰਡੀਗੜ ਵਿਖੇ ਇੱਕ ਪ੍ਰੈੱਸ ਮਿਲਣੀ ਦੌਰਾਨ ਇੱਕ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਰੋਸ ਵਜੋਂ ਧੂਰੀ ਦੇ ਸਮੂਹ ਇਲੈੱਕਟ੍ਰਾਨਿਕ ਅਤੇ ਪਿ੍ਰੰਟ ਮੀਡੀਆ ਦੇ ਪੱਤਰਕਾਰਾਂ ਵੱਲੋਂ ਸਥਾਨਕ ਰੇਲਵੇ ਚੌਂਕ ਵਿਖੇ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ। ਪੱਤਰਕਾਰਾਂ ਵੱਲੋਂ ਸਾਂਸਦ ਮਾਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਸੋਢੀ, ਮਨੋਹਰ ਸਿੰਘ ਸੱਗੂ, ਸੰਜੇ ਲਹਿਰੀ ਨੇ ਭਗਵੰਤ ਮਾਨ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨਾਂ ਕਿਹਾ ਕਿ ਸਿਆਸਤਦਾਨ ਅਤੇ ਪ੍ਰਸ਼ਾਸਨ ਨੂੰ ਪ੍ਰੈੱਸ ਵਾਰਤਾ ਦੌਰਾਨ ਸਵਾਲ ਪੁੱਛਣਾ ਮੀਡੀਆ ਦਾ ਕੰਮ ਹੈ ਅਤੇ ਉਸ ਸਵਾਲ ਦਾ ਠਰੰਮੇ ਨਾਲ ਜਵਾਬ ਦੇਣਾ ਜਾਂ ਨਾ ਦੇਣਾ ਆਗੂਆਂ ਦੀ ਮਰਜ਼ੀ ਹੈ, ਪ੍ਰੰਤੂ ਮੀਡੀਆ ਕਰਮੀਆਂ ਨਾਲ ਦੁਰਵਿਵਹਾਰ ਕਰਨ ਦਾ ਉਨਾਂ ਨੂੰ ਕੋਈ ਹੱਕ ਨਹੀਂ ਹੈ, ਕਿਉਂਕਿ ਮੀਡੀਆ ਸਮਾਜ ਦਾ ਚੌਥਾ ਥੰਮ ਹੈ ਅਤੇ ਯੂ.ਐਨ.ਓ ਸਮੇਤ ਹੋਰ ਵੱਡੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਅਨੁਸਾਰ ਵਿਸ਼ਵ ਭਰ ’ਚ ਇਨਸਾਫ਼ ਮੀਡੀਆ ਦੀ ਬਦੌਲਤ ਹੀ ਲੋਕਾਂ ਨੂੰ ਨਸੀਬ ਹੋ ਰਿਹਾ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਵੀ ਮੀਡੀਆ ਕਰਮੀਆਂ ਨਾਲ ਅਜਿਹੇ ਮੰਦਭਾਗੇ ਵਰਤਾਰੇ ਕਾਰਨ ਪਹਿਲਾਂ ਵੀ ਮੁਆਫ਼ੀ ਮੰਗ ਚੁੱਕਾ ਹੈ ਅਤੇ ਇਸ ਵਤੀਰੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਿਸ ਸਿਆਸਤਦਾਨ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀ ਤਹਿਜ਼ੀਬ ਹੀ ਨਹੀਂ ਹੈ, ਅਜਿਹੇ ਆਗੂ ਨੂੰ ਅਸਤੀਫ਼ਾ ਦੇ ਕੇ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਇਸ ਮੌਕੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੀ ਪੂਰਨ ਤੌਰ ’ਤੇ ਪੈੱ੍ਰਸ ਕਵਰੇਜ ਨਾ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਸੰਜੀਵ ਜੈਨ, ਰਾਜੇਸ਼ਵਰ ਪਿੰਟੂ, ਦਵਿੰਦਰ ਵਿੱਗ, ਰਤਨ ਭੰਡਾਰੀ, ਵਿਜੈ ਕੁਮਾਰ ਬਿੰਨੀ, ਲਖਵੀਰ ਸਿੰਘ ਧਾਂਦਰਾ, ਸੁਰਿੰਦਰ ਸਿੰਘ, ਜਸਵੀਰ ਮਾਨ, ਸੁਖਵਿੰਦਰ ਸਿੰਘ ਪਲਾਹਾ, ਧਰਮਵੀਰ ਸਿੰਘ, ਵਿਕਾਸ ਸੇਠ, ਵਿਕਾਸ ਵਰਮਾ, ਕੁਲਵਿੰਦਰ ਮਿੰਟੂ, ਕੁਲਦੀਪ ਸੱਗੂ, ਅਸ਼ਵਨੀ ਸਿੰਗਲਾ, ਪ੍ਰਵੀਨ ਗਰਗ, ਰਵਿੰਦਰ ਜੌਲੀ, ਦਵਿੰਦਰ ਖੀਪਲ, ਵਿਨੋਦ ਗੁਪਤਾ, ਅਜੈ ਜੈਨ, ਰਾਜੇਸ਼ ਟੋਨੀ, ਸੰਦੀਪ ਸਿੰਗਲਾ, ਮਨੋਜ ਕੁਮਾਰ ਮੋਨੀ ਵੀ ਹਾਜ਼ਰ ਸਨ।