Chandigarh Military Literature Festival: ਅੱਜ ਤੋਂ ਸ਼ੁਰੂ ਹੋਵੇਗਾ ਤਿੰਨ ਦਿਨਾ ਮਿਲਟਰੀ ਲਿਟਰੇਚਰ ਫੈਸਟੀਵਲ, Operation Sindoor ’ਚ ਵਰਤੀ ਗੰਨ ਰਹੇਗੀ ਖਿੱਚ ਦਾ ਕੇਂਦਰ
- ਪੰਜਾਬ
- (Asia/Kolkata)
ਚੰਡੀਗੜ੍ਹ ਦੀ ਸੁਖਨਾ ਝੀਲ ਸਥਿਤ ਲੇਕ ਸਪੋਰਟਸ ਕੰਪਲੈਕਸ ਵਿੱਚ 10ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ 13 ਨਵੰਬਰ ਤੋਂ ਸ਼ੁਰੂ ਹੋਵੇਗਾ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਫੈਸਟੀਵਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ। 15 ਨਵੰਬਰ ਤੱਕ ਚੱਲਣ ਵਾਲਾ ਇਹ ਫੈਸਟੀਵਲ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਨਾਇਕਾਂ ਨੂੰ ਸਮਰਪਿਤ ਹੈ। ਇਸ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੇ ਰੱਖਿਆ ਮਾਹਿਰ ਕੌਮੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ-ਚਰਚਾ ਕਰਨਗੇ।
ਇਸ ਵਾਰ ਫੈਸਟੀਵਲ ਵਿੱਚ ਆਪਰੇਸ਼ਨ ਸਿੰਧੂਰ ਦੌਰਾਨ ਦੁਸ਼ਮਣ ਦੇ ਹਮਲੇ ਰੋਕਣ ਲਈ ਵਰਤੀ ਗਈ 40 ਐੱਮ ਐੱਮ ਬੋਫਰਸ ਐੱਲ-70 ਐਂਟੀ ਏਅਰ ਡਿਫੈਂਸ ਗੰਨ ਖਿੱਚ ਦਾ ਕੇਂਦਰ ਰਹੇਗੀ। ਭਾਰਤ ਵੱਲੋਂ ਤਿਆਰ ਕੀਤੀ ਗਈ ਇਸ ਗੰਨ ਨੂੰ ਫੈਸਟੀਵਲ ਦੌਰਾਨ ਲਗਾਈ ਜਾਣ ਵਾਲੀ ਹਥਿਆਰਾਂ ਦੀ ਪ੍ਰਦਰਸ਼ਨੀ ਵਿੱਚ ਰੱਖਿਆ ਜਾਵੇਗਾ।
ਇਰਾਨ-ਇਜ਼ਰਾਈਲ ਟਕਰਾਅ ਸਮੇਤ ਕਈ ਅਹਿਮ ਵਿਸ਼ਿਆਂ ’ਤੇ ਹੋਵੇਗੀ ਚਰਚਾ
ਫੈਸਟੀਵਲ ਦੇ ਡਾਇਰੈਕਟਰ ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪਹਿਲੇ ਦਿਨ 13 ਨਵੰਬਰ ਨੂੰ ਇਰਾਨ-ਇਜ਼ਰਾਈਲ ਟਕਰਾਅ, ਬਾਬਾ ਦੀਪ ਸਿੰਘ ਦੀ ਸ਼ਹਾਦਤ ਅਤੇ ਜੰਮੂ-ਕਸ਼ਮੀਰ ਦੇ ਭਵਿੱਖੀ ਰਾਹ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ-ਚਰਚਾ ਹੋਵੇਗੀ।
ਉਨ੍ਹਾਂ ਦੱਸਿਆ ਕਿ ਦੂਜੇ ਦਿਨ 14 ਨਵੰਬਰ ਨੂੰ ਦੁਨੀਆ ਭਰ ਵਿੱਚ ਚੱਲ ਰਹੇ ਟਕਰਾਅ ਬਾਰੇ ਭਾਰਤ ਦੇ ਸਟੈਂਡ, ਰੂਸ-ਯੂਕਰੇਨ ਜੰਗ ਦੀ ਭਾਰਤੀ ਉਪ-ਮਹਾਦੀਪ ਲਈ ਸਾਰਥਿਕਤਾ ਅਤੇ ਪੱਛਮੀ ਏਸ਼ੀਆ ਦੇ ਟਕਰਾਅ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ 15 ਨਵੰਬਰ ਨੂੰ ਆਖਰੀ ਦਿਨ ਵੀ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਚਰਚਾ ਕਰਵਾਈ ਜਾਵੇਗੀ।
ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ
ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸਮਾਪਤੀ ਸਮਾਰੋਹ ਵਿੱਚ 15 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ। ਫੈਸਟੀਵਲ ਦੌਰਾਨ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਇਸ ਦੇ ਨਾਲ ਹੀ ਫੌਜ ਦੇ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
ਬਾਜਵਾ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਨੇੜਲੇ ਇਲਾਕਿਆਂ ਦੇ ਨੌਜਵਾਨਾਂ ਨੂੰ ਫੈਸਟੀਵਲ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।