ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਕੀਤਾ ਜਾਗਰੂਕ

ਪਟਿਆਲਾ, 3 ਸਤੰਬਰ: (ਪੀ ਐੱਸ ਗਰੇਵਾਲ)- ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਜਲ ਸ਼ਕਤੀ ਮੁਹਿੰਮ ਤਹਿਤ ਪਿੰਡ ਗੁਥਮੁੜਾ ਵਿਖੇ ਲਗਾਏ ਕਿਸਾਨਾਂ ਮੇਲੇ ਦੌਰਾਨ ਮਾਹਰਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਮੇਤ ਹੋਰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ, ਪਾਣੀ ਦੀ ਬੱਚਤ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਝੋਨੇ ਦੀ ਪਰਾਲੀ ਨੂੰ ਹੈਪੀ ਸੀਡਰ ਦੀ ਮਦਦ ਨਾਲ ਖੇਤ ਵਿਚ ਵਾਹੁਣ ਦੇ ਲਾਭ ਬਾਰੇ ਦੱਸਿਆ ਕਿਹਾ ਕਿ ਇਸ ਨਾਲ ਜਿਥੇ ਸਾਡੀਆਂ ਫਸਲਾਂ ਦੇ ਮਿੱਤਰ ਕੀੜੇ ਸੁਰਖਿਅਤ ਰਹਿੰਦੇ ਹਨ ਉਥੇ ਹੀ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ ਅਤੇ ਸਭ ਤੋਂ ਜ਼ਰੂਰੀ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਦਾ ਹੈ ਉਨ੍ਹਾਂ ਕਿਸਾਨਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਕਿਸਾਨ ਮੇਲੇ ਦੌਰਾਨ ਸਹਾਇਕ ਪ੍ਰੋਫੈਸਰ ਡਾ. ਰਚਨਾ ਸਿੰਗਲਾ ਨੇ ਕਿਸਾਨਾਂ ਨੂੰ ਬਾਗਬਾਨੀ ਅਤੇ ਖੁੰਬਾਂ ਵਿਚ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆ ਇਸ ਦੇ ਫਾਇਦਿਆਂ ਸਬੰਧੀ ਦੱਸਿਆ ਉਨ੍ਹਾਂ ਬਾਗਬਾਨੀ ਅਤੇ ਸਬਜ਼ੀਆਂ ਦੀ ਕਾਸ਼ਤ ਸਮੇਂ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਵੀ ਜਾਣਕਾਰੀ ਦਿੱਤੀ। ਜ਼ਿਲ੍ਹਾ ਪਸਾਰ ਮਾਹਰ ਡਾ. ਗੁਰਪ੍ਰੀਤ ਕੌਰ ਨੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਖਾਦਾਂ ਦੀ ਸਹੀ ਮਾਤਰਾਂ ਵਿਚ ਵਰਤੋਂ ਸਬੰਧੀ ਦੱਸਿਆ। ਗ੍ਰਹਿ ਵਿਗਿਆਨ ਦੇ ਪ੍ਰੋਫੈਸਰ ਡਾ. ਗੁਰਉਪਦੇਸ਼ ਕੌਰ ਨੇ ਘਰੇਲੂ ਪੱਧਰ 'ਤੇ ਪਾਣੀ ਦੀ ਸੁਯੋਗ ਵਰਤੋਂ ਸਬੰਧੀ ਨੁਕਤੇ ਸਾਂਝੇ ਕੀਤੇ।ਕਿਸਾਨਾਂ ਨੂੰ ਮੀਂਹ ਦੇ ਪਾਣੀ ਦੀ ਰੀਚਾਰਜਿੰਗ ਬਾਰੇ ਜਾਣਕਾਰੀ ਦਿੰਦਿਆ ਪ੍ਰੋਸੈਸਿੰਗ ਅਤੇ ਖੇਤੀਬਾੜੀ ਇੰਜੀਨੀਅਰ ਡਾ. ਗੁਰਨਾਜ਼ ਸਿੰਘ ਗਿੱਲ ਨੇ ਦੱਸਿਆ ਕਿ ਪਾਣੀ ਦੇ ਗਿਰਦੇ ਪੱਧਰ ਨੂੰ ਰੋਕਣ ਲਈ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨਾ ਸਮੇਂ ਦੀ ਮੁੱਖ ਲੋੜ ਹੈ ਉਨ੍ਹਾਂ ਕਿਸਾਨਾਂ ਨੂੰ ਰੀਚਾਰਜਿੰਗ ਸਬੰਧੀ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਭੋਜਨ ਤਕਨੀਕ ਦੇ ਸਹਿਯੋਗੀ ਪ੍ਰੋਫੈਸਰ ਡਾ. ਰਜਨੀ ਗੋਇਲ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਪਸ਼ੂ ਵਿਗਿਆਨ ਦੇ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਅਤੇ ਸਫ਼ਲ ਡੇਅਰੀ ਫਾਰਮਰ ਬਣਨ ਦੇ ਨੁਕਤੇ ਸਾਂਝੇ ਕੀਤੇ।ਕਿਸਾਨ ਮੇਲੇ ਦੌਰਾਨ ਅਗਾਂਹ ਵਧੂ ਕਿਸਾਨ ਸ. ਸੁਖਦੇਵ ਸਿੰਘ, ਸ. ਪਰਮਜੀਤ ਸਿੰਘ, ਸ. ਦਿਲਬਾਗ ਸਿੰਘ ਸਮੇਤ ਵੱਡੀ ਗਿਣਤੀ ਕਿਸਾਨਾਂ ਨੇ ਮੇਲੇ ਵਿਚ ਸ਼ਮੂਲੀਅਤ ਕਰਕੇ ਮਾਹਰਾਂ ਪਾਸੋਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਮੇਲੇ 'ਚ ਯੂਨੀਵਰਸਿਟੀ ਕਾਲਜ, ਮੀਰਾਂਪੁਰ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।