ਖਸਖਸ ਦੀ ਖੇਤੀ ਸੰਬੰਧੀ ਮੀਟਿੰਗਾਂ ਦਾ ਸਿਲਸਿਲਾ ਜਾਰੀ।

ਤਲਵੰਡੀ ਸਾਬੋ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਨੌਜਵਾਨ ਟੀਮ ਵੱਲੋਂ ਪੰਜਾਬ ਅੰਦਰ ਖਸਖਸ ਦੀ ਖੇਤੀ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਵਿਚ ਬੁਲਾਰਿਆਂ ਵੱਲੋਂ ਕਿਸਾਨਾਂ ਨੂੰ ਖਸਖਸ ਦੀ ਖੇਤੀ ਨਾਲ ਪੰਜਾਬ ਨੂੰ ਹੋਣ ਵਾਲੇ ਆਰਥਿਕ ਫਾਇਦਿਆਂ ਅਤੇ ਮਾਰੂ ਨਸ਼ਿਆਂ ਤੋਂ ਹੋਣ ਵਾਲੇ ਛੁਟਕਾਰੇ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਖਸਖਸ ਦੀ ਖੇਤੀ ਦੀ ਮਨਜ਼ੂਰੀ ਲੈਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ ਜਿਸ ਤਹਿਤ ਇੱਕ ਮੀਟਿੰਗ ਪਿੰਡ ਮਾਨਸਾ ਕਲਾਂ ਵਿੱਚ ਕੀਤੀ ਗਈ। ਉੱਨਤ ਕਿਸਾਨ ਵੈੱਲਫੇਅਰ ਸੁਸਾਇਟੀ ਵੱਲੋਂ ਉਲੀਕੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਸਿਰ ਚੜਿਆ ਕਰਜ਼ਾ ਖਤਮ ਕਰਨ ਅਤੇ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਰੋਕਣ ਲਈ ਖਸਖਸ ਦੀ ਖੇਤੀ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਯੂਥ ਵਿੰਗ ਦੇ ਪ੍ਰਧਾਨ ਦਲਜੀਤ ਸਿੰਘ ਲੰਬੀ, ਗੁਰਦੀਪ ਸਿੰਘ ਤੂਰ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ ਜੈਲਦਾਰ, ਜਗਦੀਪ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਵਿੱਕੀ ਗਿਆਨਾ ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਨੰਬਰਦਾਰ ਦਰਸ਼ਨ ਸਿੰਘ, ਕੇਵਲ ਸਿੰਘ ਜਗਸੀਰ ਸਿੰਘ ਅਤੇ ਗੁਰਾ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।