ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਮਨਾਇਆ ਵਿਸ਼ਵ ਦਿਲ ਦਿਵਸ।

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਡਾ. ਐਚ.ਐਨ. ਸਿੰਘ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਦਰਸ਼ਨ ਕੌਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਐਸ.ਐਮ. ਓ. ਡਾ. ਦਰਸ਼ਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਲ ਦੇ ਰੋਗਾਂ ਲਈ ਸਾਡੀ ਬਦਲ ਰਹੀ ਜੀਵਨ ਸ਼ੈਲੀ ਇਕ ਵੱਡਾ ਕਾਰਨ ਹੈ। ਤੰਬਾਕੂ ਦਾ ਸੇਵਨ, ਮੋਟਾਪਾ, ਸ਼ੂਗਰ ਰੋਗ, ਮਾਨਸਿਕ ਤਣਾਅ ‘ਤੇ ਜ਼ਿਆਦਾ ਬਲੱਡ ਪ੍ਰੈਸ਼ਰ ਦਿਲ ਦੇ ਰੋਗ ਨੂੰ ਜਨਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਵੇਲੇ ਰੋਗੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਉਸ ਦੀ ਛਾਤੀ ਦੇ ਵਿਚਕਾਰ ਤੇਜ਼ ਦਰਦ ਹੁੰਦਾ ਹੈ ਤੇ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ ਤੇ ਸਿਰ ਭਾਰਾ ਹੋ ਜਾਂਦਾ ਹੈ ਅਤੇ ਤਰੇਲੀਆਂ ਆਉਦੀਆਂ ਹਨ। ਜੇਕਰ ਇਹ ਲੱਛਣ ਕਿਸੇ ਵੀ ਵਿਅਕਤੀ ਨੂੰ ਮਹਿਸੂਸ ਹੋਣ ਤਾਂ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਜਗਰੂਪ ਸਿੰਘ ਮੈਡੀਕਲ ਅਫਸਰ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਰੋਜਾਨਾ ਦੀ ਖ਼ੁਰਾਕ ਵਿਚ ਸਬਜੀਆਂ, ਸੀਜਨਲ ਫਲ, ਸਾਦਾ ਭੋਜਨ ਖਾਣਾ ਚਾਹੀਦਾ ਹੈ ਅਤੇ ਫਾਸਟ ਫੂਡ, ਚਿਕਨਾਈ ਵਾਲੇ ਭੋਜਨ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਡਾ. ਅਮਨਪ੍ਰੀਤ ਸਿੰਘ ਸੇਠੀ ਮੈਡੀਕਲ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਅਕਤੀ ਨੂੰ ਆਪਣੀ ਰੋਜਾਨਾ ਜਿੰਦਗੀ ਵਿਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਨਮਕ ਅਤੇ ਚੀਨੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ, ਦਿਲ ਦਾ ਦੌਰਾ ਅਤੇ ਅਧਰੰਗ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਕੇਵਲ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸਵੇਰ ਦੀ ਸੈਰ, ਕਸਰਤ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਕੀਮ ਤਹਿਤ ਹਰੇਕ 30 ਸਾਲ ਤੋਂ ਉਪਰ ਉਮਰ ਦੇ ਵਿਅਕਤੀ ਨੂੰ ਸਾਲ ਵਿਚ ਦੋ ਵਾਰ ਮੁਫਤ ਜਾਂਚ ਕਰਾਉਣੀ ਚਾਹੀਦੀ ਹੈ। ਇਸ ਤਹਿਤ ਖੂਨ ਦੀ ਜਾਂਚ ਅਤੇ ਬਲੱਡ ਪ੍ਰੈਸ਼ਰ ਆਦਿ ਹਰ ਸ਼ਨੀਵਾਰ ਨੂੰ ਹਸਪਤਾਲ ਵਿਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਮਨਦੀਪ ਕੌਰ ਐਲ. ਐਚ. ਵੀ., ਰਾਜਵੀਰ ਕੌਰ ਸਟਾਫ ਆਦਿ ਹਾਜਰ ਸਨ।